ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਗਨਾਂ ਦੀ ਫੁਲਕਾਰੀ ਗਾਨੇ, ਚੁੰਨੀਆਂ ਲਾਲ ਪਰਾਂਦੇ ਰੰਗਲੇ,
ਸਿਹਰੇ, ਸਿੱਖਿਆ, ਸਾਹੇ-ਚਿੱਠੀ, ਵਿਕਦੈ ਸਭ ਬਾਜ਼ਾਰ ਦੇ ਅੰਦਰ।

ਰੱਤ ਡੁੱਲ੍ਹੀ ਤੇ ਅੱਥਰੂ ਸਾਰੇ ਸਫ਼ਿਆਂ ਤੇ ਮਹਿਸੂਸ ਕਰੋਗੇ,
ਨਾਲ ਤੁਰੋਗੇ ਜੇਕਰ ਉਸ ਦੇ, ਜੋ ਛਪਿਐ ਅਖ਼ਬਾਰ ਦੇ ਅੰਦਰ।

ਖੜ੍ਹਾ ਖਲੋਤਾ, ਬੈਠਾ ਬੰਦਾ, ਕੋਸ ਮੀਨਾਰ ਤੋਂ ਵਧ ਕੇ ਕੁਝ ਨਾਂਹ,
ਮੰਜ਼ਿਲ ਦਾ ਸਿਰਨਾਵਾਂ ਹੁੰਦੈ, ਕਦਮਾਂ ਦੀ ਰਫ਼ਤਾਰ ਦੇ ਅੰਦਰ।

ਰਿਸ਼ਤਾ ਬੋਝ ਬੁਝਾਰਤ ਬਣਦੈ, ਸ਼ੱਕ ਹਮੇਸ਼ਾਂ ਤਾਂਡਵ ਕਰਦੈ,
ਸਾਂਝੀ ਤੰਦ ਮੁਹੱਬਤ ਵਾਲੀ, ਜੇ ਤਿੜਕੇ ਪਰਿਵਾਰ ਦੇ ਅੰਦਰ।

ਅਪਣੀ ਹਾਰ ਪਛਾਨਣ ਦੀ ਥਾਂ, ਦੋਸ਼ ਬੇਗਾਨੇ ਦੇ ਸਿਰ ਧਰੀਏ,
ਬਹੁਤੀ ਵਾਰੀ ਖੁਭ ਜਾਂਦੇ ਹਾਂ, ਖ਼ਦ ਆਪਾਂ ਹੁੰਕਾਰ ਦੇ ਅੰਦਰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /130