ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———100———

ਅਸਾਂ ਤਾਂ ਬਲਦੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।
ਚਿਰਾਗ਼ਾਂ ਦਾ ਇਹ ਕਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਅਸਾਂ ਹਰ ਅੱਖ ਦੇ ਸੁਪਨੇ ਦੇ ਵਿਚ ਕੁਝ ਰੰਗ ਨੇ ਭਰਨੇ,
ਤੇ ਰੰਗਾਂ ਜਗਦੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਅਸੀਂ ਤਾਂ ਸਾਬਰਾਂ ਦੀ ਅੰਸ ਬੰਸੋਂ ਹਾਂ ਉਦੈ ਹੋਏ,
ਜਬਰ ਕਰਨਾ ਨਾ ਸਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਅਸੀਂ ਚੇਤਨ ਜਵਾਲਾ ਸੰਗ ਰਾਖੇ ਬਣ ਖਲੋਣਾ ਹੈ,
ਤੇ ਭਰਮਾਂ ਨਾਲ ਖਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਇਹ ਪਾਸਾ ਵੱਟ ਲੈਣਾ ਵੀ ਵਕਾਲਤ ਹੈ ਹਨ੍ਹੇਰੇ ਦੀ,
ਫ਼ਰਜ਼ ਦੇ ਨਾਲ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਇਹ ਗ਼ਦਰੀ ਸੂਰਮੇ ਬਾਬੇ, ਸੁਣੋ ਅੱਜ ਵੀ ਨੇ ਕੀ ਕਹਿੰਦੇ,
ਤੁਸੀਂ ਚੇਤੰਨ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਕਦੇ ਵੀ ਸੀਸ ਵਾਲੀ ਫ਼ੀਸ ਦੇਣੋਂ ਕਿਰਸ ਨਾ ਕਰਿਉ,
ਸ਼ਹੀਦਾਂ ਦਾ ਇਹ ਕਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਬੜੇ ਹਮਦਰਦ ਏਥੇ ਦੁਸ਼ਮਣੀ ਦੀ ਖੇਡ ਖੇਡਣਗੇ,
ਇਨ੍ਹਾਂ ਤੋਂ ਬਚ ਕੇ ਰਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

ਕਦੇ ਵੀ ਹੱਕ ਤੇ ਇਨਸਾਫ਼ ਨੂੰ ਕੋਈ ਮੇਟ ਨਾ ਸਕਿਆ,
ਸੰਭਾਲੋ! ਸੱਚ ਗਹਿਣਾ ਹੈ, ਜਦੋਂ ਤਕ ਰਾਤ ਬਾਕੀ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /131