ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———101———

ਬੱਦਲਾਂ ਵਾਂਗੂ ਉੱਡਿਆ ਫਿਰਦੈਂ, ਅੱਖਾਂ ਵਿਚ ਸਮੁੰਦਰ ਲੈ ਕੇ।
ਧਰਤ ਉਡੀਕੇ ਤੈਨੂੰ ਚਿਰ ਤੋਂ, ਸਿਰ ’ਤੇ ਪਾਟੀ ਚਾਦਰ ਲੈ ਕੇ।

ਰੂਹ ਜ਼ਖ਼ਮੀ ਦਿਲ ਛਾਲੇ ਛਾਲੇ, ਭੋਲੇ ਲੋਕ ਉਡੀਕਣ ਹਾਲੇ,
ਦਿਲ ਦੀ ਪੀੜ ਪਛਾਨਣ ਵਾਲਾ, ਆਵੇਗਾ ਹੁਣ ਨਸ਼ਤਰ ਲੈ ਕੇ।

ਅੰਬਰ ਵਿਚ ਸ਼ਿਕਾਰੀ ਦੀ ਅੱਖ, ਤੋਂ ਵੀ ਬਚ ਕੇ ਰਹਿਣਾ ਪੈਂਦੈ,
ਫਿਰ ਵੀ ਵੇਖ ਪਰਿੰਦੇ ਉੱਡਦੇ, ਖੰਭਾਂ ਅੰਦਰ ਸੌ ਡਰ ਲੈ ਕੇ।

ਜਦ ਹੱਥਾਂ ਨੂੰ ਹਾਣ ਬਰਾਬਰ, ਨਾ ਰੁਜ਼ਗਾਰ ਮਿਲੇ ਨਾ ਆਦਰ,
ਰਾਜ ਭਵਨ ਵੱਲ ਤੁਰੇ ਜਵਾਨੀ, ਹੱਥਾਂ ਦੇ ਵਿਚ ਪੱਥਰ ਲੈ ਕੇ।

ਤਨ ਤੇ ਮਨ ਤੋਂ ਚੋਰੀ ਚੋਰੀ, ਸੌ ਜਨਮਾਂ ਦੀ ਪੀੜ ਇਕੱਠੀ,
ਪਰਬਤ ਵੇਖੋ ਚੁੱਕੀ ਫਿਰਦਾਂ, ਅੱਖਾਂ ਦੇ ਵਿਚ ਅੱਥਰ ਲੈ ਕੇ।

ਤੀਰ ਅਤੇ ਤਲਵਾਰ, ਕਬੀਲੇ ਜੰਗਲ ਦੇ ਵੀ ਛੱਡ ਚੁੱਕੇ ਨੇ,
ਤੂੰ ਹਾਲੇ ਵੀ ਰੂਹ ਨੂੰ ਵਿੰਨ੍ਹੇਂ, ਏਨੇ ਮਹਿੰਗੇ ਅੱਖਰ ਲੈ ਕੇ।

ਪਿਆਰ ਮੁਹੱਬਤ ਦੇ ਖੰਭ ਨੋਚਣ, ਗਿਣਤੀ ਮਿਣਤੀ ਦੋਵੇਂ ਰਲਕੇ,
ਉੱਡਦਾ ਹੈ ਵਿਸ਼ਵਾਸ ਉਚੇਰਾ, ਦਿਲ ਤੋਂ ਸੇਧ ਨਿਰੰਤਰ ਲੈ ਕੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /132