ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਸੁਚੇਤ ਬੁੱਧੀ ਵਾਲਾ ਕਵੀ ਹੈ। ਸਮਕਾਲੀ ਪ੍ਰਸਥਿਤੀਆਂ ਦੀ ਬਹੁਪੱਖਤਾ ਉਸ ਨੂੰ ਏਨੀ ਤੀਬਰਤਾ ਨਾਲ ਪ੍ਰਭਾਵਤ ਕਰਦੀ ਹੈ ਕਿ ਉਸ ਦੇ ਅਹਿਸਾਸ ਤੁਰੰਤ ਕਾਵਿਕ ਹੋ ਜਾਂਦੇ ਹਨ। ਪ੍ਰਗੀਤਕਤਾ ਉਸਦੀ ਕਾਵਿਕਤਾ ਦੀ ਸਮੁੱਚਤਾ ਦਾ ਮੁਹਾਂਦਰਾ ਹੈ। ਉਹ ਆਪਣੇ ਅਹਿਸਾਸਾਂ ਨੂੰ ਫਲਸਫ਼ੀ ਰੰਗਤ ਵਿਚ ਹੀ ਨਹੀਂ ਰੰਗਦਾ ਤੇ ਨਾ ਹੀ ਮਸਨੂਈ ਕਿਸਮ ਦੀ ਬਿੰਬਕਾਰੀ ਵਿਚ ਭਿਉਂਦਾ ਹੈ। ਉਸਦੀ ਕਾਵਿਕ ਸ਼ਿਲਪਕਾਰੀ ਵਿਚਲੀ ਸਹਿਜਤਾ ਪਾਠਕ ਨਾਲ ਅੰਤਰ ਸੰਵਾਦ ਬਣਾ ਹੀ ਲੈਂਦੀ ਹੈ। ਕਿਤੇ ਵੀ ਵਾਪਰੀ ਕੋਈ ਵੀ ਦਰਦਮੰਦ ਘਟਨਾ ਉਸ ਨੂੰ ਉਤੇਜਿਤ ਵੀ ਕਰਦੀ ਹੈ ਤੇ ਪ੍ਰਭਾਵਤ ਵੀ। ਇਸ ਦੇ ਪ੍ਰਤੀਕਰਮ ਵਿਚੋਂ ਹੀ ਉਹ ਉਸ ਘਟਨਾ ਦੇ ਸੱਚ ਨੂੰ ਆਪਣੀ ਸੰਵੇਦਨਾ ਤੀਕ ਲੈ ਜਾਂਦਾ ਹੈ। ਗੁਰਭਜਨ ਲੋਕ-ਸੰਵੇਦਨਾ ਦਾ ਸਹਿਜ ਸਰਲ ਕਵੀ ਹੈ। ਉਹ ਗੁੰਝਲਾਂ ਪਾਉਂਦਾ ਨਹੀਂ, ਸਗੋਂ ਆਪਣੀ ਕਾਵਿਕ ਸਰਲਤਾ ਨਾਲ ਉਨ੍ਹਾਂ ਨੂੰ ਖੋਲ੍ਹਦਾ ਹੈ। ਇਸੇ ਕਾਰਨ ਉਸ ਦੀ ਵੱਖਰਤਾ ਬਣੀ ਹੋਈ ਹੈ। ਉਹ ਕਵਿਤਾ ਦੇ ਹਰ ਕਾਵਿ ਰੂਪ ਵਿਚ ਆਪਣੇ ਅਹਿਸਾਸਾਂ ਦਾ ਪ੍ਰਗਟਾਅ ਕਰਦਾ ਹੈ। ਕਵਿਤਾ ਵਿਚ ਲੈਅਬੱਧਤਾ ਦੀ ਵਡੱਤਣ ਨੂੰ ਉਸਨੇ ਬਾਖ਼ੂਬੀ ਕਾਇਮ ਰੱਖਿਆ ਹੈ। ਗੁਰਭਜਨ ਦੀ ਕਵਿਤਾ ’ਚੋਂ ਅਤੀਤ ਦੇ ਘੁਸਮੁਸੇ 'ਚ ਗੁੰਮ ਹੋ ਰਹੀਆਂ ਸਭਿਆਚਾਰਕ ਕਣੀਆਂ ਦੀ ਲਿਸ਼ਕ ਸਹਿਜੇ ਹੀ ਵੇਖੀ ਤੇ ਮਹਿਸੂਸ ਕੀਤੀ ਜਾ ਸਕਦੀ ਹੈ ਆਲੋਚਨਾ ਦੇ ਨਵੇਂ ਪ੍ਰਤੀਮਾਨਾਂ ਵਿਚ ਉਸ ਦੀ ਕਵਿਤਾ ਨੂੰ ਅਭਿਆਸੀ ਵਿਦਵਾਨ ਕਿਸ ਪੱਧਰ ਤੇ ਰੱਖਦੇ ਹਨ, ਇਸ ਬਾਰੇ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਪਰ ਮਾਨਵੀ ਪ੍ਰਸੰਗਾਂ ਦੀ ਸੁਹਿਰਦ ਪੇਸ਼ਕਾਰੀ ਲਈ ਗੁਰਭਜਨ ਗਿੱਲ ਪ੍ਰਸੰਸਾ ਦਾ ਪਾਤਰ ਹੀ ਪਾਤਰ ਹੈ।

-ਪ੍ਰਮਿੰਦਰਜੀਤ
ਸੰਪਾਦਕ ਅੱਖਰ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /141