ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੇ ਗੁਰਭਜਨ, ਕਵਿਤਾ ਵਿਚੋਂ ਗ਼ਜ਼ਲ ਦਾ ਅਤੇ ਹੁਣ ਪੈਦਾ ਹੋ ਗਏ ਅਨਗਿਣਤ ਗ਼ਜ਼ਲਕਾਰਾਂ ਵਿਚੋਂ ਤੇਰੇ ਸਮੇਤ ਕੁਝ ਇਕ ਗ਼ਜ਼ਲਕਾਰਾਂ ਦਾ ਮੈਂ ਰਸੀਆ ਪਾਠਕ ਹਾਂ। ਮੈਨੂੰ ਗ਼ਜ਼ਲ ਦੀਆਂ ਗਿਣਤੀਆਂ-ਮਿਣਤੀਆਂ ਦੀ ਉੱਕਾ ਹੀ ਕੋਈ ਸਮਝ ਨਹੀਂ ਪਰ ਤੇਰੀਆਂ ਗ਼ਜ਼ਲਾਂ ਦੀ ਰਵਾਨੀ ਅਤੇ ਉਹਨਾਂ ਦੇ ਵਹਾਅ ਦਾ ਕੀ ਕਹਿਣਾ! ਮੇਰਾ ਤਾਂ ਇਸੇ ਨਾਲ ਮਤਲਬ ਹੈ। ਇਕ ਗ਼ਜ਼ਲਕਾਰ ਵਜੋਂ ਤੇਰਾ ਮੀਰੀ ਗੁਣ ਸਵੈ-ਕੇਂਦ੍ਰਿਤ ਨਾ ਹੋਣਾ ਹੈ। ਇਹ ਤੇਰੀ ਆਵਾਜ਼ ਨਹੀਂ, ਲੋਕਾਂ ਦੀ ਆਵਾਜ਼ ਹਨ। ਤੂੰ ਉਪਦੇਸ਼ਕ ਹੋਏ ਬਿਨਾਂ ਸਮਾਜਕ ਸਦਾਚਾਰ ਦੀ ਅਤੇ ਰਾਜਨੀਤਕ ਹੋਏ ਬਿਨਾਂ ਰਾਜਨੀਤੀ ਦੀ ਗੱਲ ਕਰ ਜਾਂਦਾ ਹੈਂ। ਤੇਰੀ ਗ਼ਜ਼ਲ ਕੇਵਲ ਵੱਡੇ ਮਸਲਿਆਂ ਨੂੰ ਹੀ ਨਹੀਂ ਸਗੋਂ ਆਮ ਆਦਮੀ ਦੇ ਰੋਜਾਨਾ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਪ੍ਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿਚ ਪੇਸ਼ ਕਰਦੀ ਹੈ। ਵਿਚਾਰ ਦੀ ਅਜਿਹੀ ਗਹਿਰਾਈ ਵਾਲੀ ਗ਼ਜ਼ਲ ਹੀ ਪਾਠਕ ਲਈ ਕੋਈ ਅਰਥ ਰੱਖਦੀ ਹੈ। ਸ਼ੁਭ ਇਛਾਵਾਂ ਨਾਲ।

-ਗੁਰਬਚਨ ਸਿੰਘ ਭੁੱਲਰ

"ਗੁਰਭਜਨ ਗਿੱਲ ਦੀ ਕਵਿਤਾ ਪੜ੍ਹਦਿਆਂ ਬਹੁਤ ਵਾਰ ਮੈਨੂੰ ਲੱਗਦਾ ਏ ਜਿਵੇਂ ਵਿਚ ਮੇਰੇ ਵੀ ਕੁਛ ਬੋਲ ਹੋਣ। ਕਿਵੇਂ ਨਾ ਕਿਵੇਂ ਬੋਲਣੋਂ ਰਹਿ ਗਏ ਮੇਰੇ ਬੋਲ। ਬੇਚੈਨ ਕਰਦੇ ਨਿੱਤ। ਉਹਦੀ ਕਵਿਤਾ ਵਿਚੋਂ ਆਵਾਜ਼ਾਂ ਦੀ ਇਕ ਗੂੰਜ ਸੁਣਦੀ ਏ। ਸਾਡੇ ਸਮੇਂ ਦੀਆਂ ਹੰਭੀਆਂ ਹਾਰੀਆਂ, ਹਾਵੇ ਮਾਰੀਆਂ, ਲਾਚਾਰੀ ਭਰੀਆਂ ਤੇ ਕੁਛ ਟੁੱਟੇ ਸੁਪਨਿਆਂ ਵਿਚ ਊਂਧੀ ਪਾਈ ਗੁੰਮਸੁੰਮ ਪੱਥਰ ਹੋਈਆਂ ਆਵਾਜ਼ਾਂ। ਵਿਜੋਗੀ ਆਵਾਜ਼ਾਂ, ਹਵਾਵਾਂ, ਦਰਿਆਵਾਂ, ਰੁੱਖਾਂ, ਰੋਹੀਆਂ ਤੇ ਬੇਲਿਆਂ ਦੀਆਂ ਆਵਾਜ਼ਾਂ। ਗੁਰਭਜਨ ਗਿੱਲ ਇਕ ਐਸਾ ਰੁੱਖ ਏ ਜਿਸ ਦੀਆਂ ਸ਼ਾਖਾਂ ਦੇ ਸੰਗੀਤ ਵਿਚ ਜੜ੍ਹਾਂ ਦੀਆਂ ਸੁਰਾਂ ਰਲ਼ੀਆਂ ਵੀ ਸੁਣੀਆਂ ਨੇ! ਉਹ ਇਕ ਵਣਜਾਰਾ ਏ ਗਲ਼ੀ ਗਲ਼ੀ ਹੋਕਾ ਦਿੰਦਾ ਅੰਦਰ ਦੇ ਸੁਹਜ ਨੂੰ ਸ਼ਿੰਗਾਰਨ, ਨਿਖਾਰਨ ਦੀਆਂ ਮਣੀਆਂ ਦਾ। ਸੱਚ ਦੇ ਲਾਲਾਂ ਦਾ। ਇਕਤਾਰੇ ਵਾਲਾ ਸਿਆਲਕੋਟੀ ਰਮਤਾ ਫ਼ਕੀਰ ਜ਼ਿੰਦਗੀ ਦੀਆਂ ਰਮਜ਼ਾਂ ਗਾਉਂਦਾ ਬਸਤੀ ਬਸਤੀ ਡੇਰੇ ਡੇਰੇ, ਬੂਹੇ ਬੂਹੇ। ਵਿਹੜੇ ਵੱਸਦੇ ਰਹਿਣ ਦੀਆਂ ਅਸੀਸਾਂ ਦਿੰਦਾ। ਸਾਰੇ ਜੱਗ ਦੀ ਖ਼ੈਰ ਮੰਗਦਾ। ਇਕ ਵੈਦ, ਜੋ ਜ਼ਮਾਨੇ ਦੀਆਂ ਨਬਜ਼ਾਂ ਟੋਂਹਦਾ, ਅਹੁਰ ਪਛਾਣਦਾ ਤੇ ਉਹਦਾ ਦਾਰੂ ਦੱਸਦਾ। ਇਕ ਫ਼ਲ ਤੋੜਾਵਾ ਜੋ ਕੁਛ ਫ਼ਲ ਝੋਲੀ ਭਰਦਾ ਤੇ ਕੁਝ ਹਲੂਣਾ ਮਾਰ ਕੇ ਭੁੰਜੇ ਡੇਗਦਾ ਹੇਠ ਖਲੋਤਿਆਂ ਦੇ ਚਗਣ ਲਈ। ਖਟਮਿਠੇ ਫ਼ਲ।"

-ਮੋਹਨ ਕਾਹਲੋਂ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /144