ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

* ਜੇ ਤੂੰ ਮੈਥੋਂ ਸੁਣਨਾ ਚਾਹੀਂ ਓਹੀ ਬਾਤ ਸੁਣਾਵਾਂਗਾ ਮੈਂ,
ਦਿਲ ਦੀ ਕੌਣ ਸੁਣਾਵੇ ਏਥੇ ਅੱਜ ਕੱਲ੍ਹ ਦੁਨੀਆਦਾਰੀ ਅੰਦਰ।

* ਬੰਦ ਕਮਰੇ ਵਿਚ ਬੈਠ ਪੜ੍ਹਾਂ ਮੈਂ ਰੋਜ਼ਾਨਾ ਅਖ਼ਬਾਰਾਂ ਨੂੰ,
ਫਿਰ ਕਾਹਦੇ ਲਈ ਖ਼ਤਰਾ ਜਾਪੇ ਮੇਰੇ ਤੋਂ ਸਰਕਾਰਾਂ ਨੂੰ।

ਲੋਕ ਰਾਜ ਅਸਲ ਵਿਚ ਲੋਕਾਂ ਦਾ ਰਾਜ ਨਹੀਂ ਸਗੋਂ ਲੋਕਾਂ ਵੱਲੋਂ ਰਾਜ ਸ਼ਕਤੀ ਦੀ ਕਿਸੇ ਇਕ ਧਿਰ ਨੂੰ ਸਪੁਰਦਦਾਰੀ ਮਾਤਰ ਹੈ। ਰਾਜ ਕਰਦੀਆਂ ਧਿਰਾਂ ਵਿਚ ਅਤੇ ਚੋਣਾਂ ਲੜਦੀਆਂ ਧਿਰਾਂ ਵਿਚ ਇਕ ਪਾਸੇ ਸ਼ੇਰ ਹਨ ਤੇ ਦੂਜੇ ਪਾਸੇ ਬਘਿਆੜ। ਲੋਕ ਰਾਜ ਸ਼ਕਤੀ ਕਿਸ ਨੂੰ ਸੌਂਪਣ, ਇਹ ਉਨ੍ਹਾਂ ਨੂੰ ਆਜ਼ਾਦੀ ਹੈ। ਗਿੱਲ ਇਨ੍ਹਾਂ ਚੋਣਾਂ ਬਾਰੇ ਇਵੇਂ ਕਹਿੰਦਾ ਹੈ:

* ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ।
ਵਿਚਾਰੇ ਗਾਫ਼ਲੀ ਦਾ ਕਿੱਡਾ ਵੱਡਾ ਮੁੱਲ ਤਾਰਨਗੇ।

* ਕਹੋ ਨਾ ਏਸ ਨੂੰ ਚੋਣਾਂ ਇਹ ਕਿਸ਼ਤਾਂ ਵਿਚ ਹੈ ਰੋਣਾ,
ਲੁਟੇਰੇ ਨੂੰ ਲੁਟੇਰੇ ਲੁੱਟ ਖਾਤਿਰ ਫਿਰ ਵੰਗਾਰਨਗੇ।

ਗੁਰਭਜਨ ਦੀਆਂ ਗ਼ਜ਼ਲਾਂ ਦੇ ਵਿਸ਼ੇ ਬਹੁਦਿਸ਼ਾਵੀ ਹਨ। ਉਸ ਦੇ ਸ਼ਿਅਰਾਂ ਵਿਚ ਜੀਵਨ ਦੇ ਸਾਰੇ ਰੰਗ ਹਨ ਪਰ ਅਣਖ਼ ਦੀ ਅਤੇ ਚੇਤੰਨਤਾ ਦਾ ਰੰਗ ਸਪਸ਼ਟ ਤੌਰ 'ਤੇ ਗੂੜ੍ਹਾ ਹੈ। ਉਹ ਖੇਤਾਂ ਦਾ ਪੁੱਤਰ ਤੇ ਪਿੰਡਾਂ ਦਾ ਜਾਇਆ ਹੈ। ਉਸ ਨੂੰ ਹਰੀ ਕ੍ਰਾਂਤੀ ਦੇ ਪੀਲੇ ਰੰਗਾਂ ਦੀ ਪਛਾਣ ਹੈ। ਉਸ ਨੂੰ ਬਾਪ ਦੇ ਘਰ ਜਵਾਨੀ ਗੁਆ ਰਹੀਆਂ ਧੀਆਂ ਦੇ ਦਰਦ ਦੀ ਸਾਰ ਹੈ। ਉਹ ਪੰਜਾਬੀ ਸਭਿਆਚਾਰ ਦਾ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਵਿਚ ਉਚੇਚ ਨਹੀਂ ਸਗੋਂ ਸਹਿਜ ਸੁਭਾਅ ਨਾਲ ਮਨ ਦੇ ਉਦਗਾਰ ਪੇਸ਼ ਹੋਏ ਹਨ, ਉਸ ਦੇ ਚਿੰਨ੍ਹਾਂ ਬਿੰਬਾਂ ਵਿਚ ਮਾਂਦਰੀ, ਉੱਡਦੇ ਸੱਪ, ਤੇਜ਼ਾਬੀ ਬਰਸਾਤ, ਬੇੜੀਆਂ, ਸੁੱਕੇ ਦਰਿਆ, ਪੰਛੀ, ਮਾਰੂਥਲ, ਗੰਨੇ, ਦੂਧੀਆ ਛੱਲੀਆਂ, ਬਲਦੇ ਜੰਗਲ, ਬੀਆਬਾਨ ਹਨੇਰਿਆਂ ਵਿਚ ਡੁੱਬੇ ਸ਼ਹਿਰ, ਭਰਮ ਦੀ ਦੀਵਾਰ, ਅੰਦਰ ਦਾ ਸ਼ੋਰ, ਜਮਾਤਾਂ ਬਨਾਮ ਜ਼ਾਤਾਂ, ਧਰਮ ਤੇ ਇਖਲਾਕ, ਤਿਤਲੀਆਂ, ਕੋੜੇ, ਕਤਲਗਾਹਾਂ, ਅੰਨ੍ਹੇ ਸ਼ਿਕਾਰੀ, ਅੰਨ੍ਹੀ ਗਲੀ, ਬੁਹਾਰੀ, ਸਮੁੰਦਰ, ਬਿਰਖ, ਦਾਦੀ, ਫੁਲਕਾਰੀ, ਜਨੌਰ, ਬਾਪ, ਬੋਟ, ਆਲ੍ਹਣੇ, ਕੱਚ, ਘਰ ਦੀ ਰਾਖ਼, ਘੁੰਮਣਘੇਰ, ਦਿਲ ਦੇ ਬੂਹੇ, ਚਿੜੀਆਂ ਵਾਲੀ ਮੌਤ ਆਦਿ ਬਹੁਅਰਥਾਂ ਵਿਚ ਆਉਂਦੇ ਹਨ। ਇਹ ਬਿੰਬ ਤੇ ਚਿੰਨ ਉਸ ਨੇ ਪੰਜਾਬੀ ਜਨ-ਜੀਵਨ ਦੀ ਰਹਿਤਲ ਵਿਚੋਂ ਲਏ ਹਨ ਅਤੇ ਸਨਾਤਨ ਗ਼ਜ਼ਲ ਦੇ ਚਿੰਨ੍ਹ ਸ਼ਰਾਬਖਾਨਾ, ਰਿੰਦ, ਸਾਕੀ, ਚਾਹੇ ਯਕਨ, ਸਨਮ, ਇਸ਼ਕ, ਵਸਲ ਆਦਿ ਤੋਂ ਗੁਰੇਜ਼ ਹੈ। ਏਸੇ ਲਈ ਉਸ ਦੀ ਸ਼ਾਇਰੀ ਨੂੰ ਸ਼ੁੱਧ ਪੰਜਾਬੀ ਸ਼ਾਇਰੀ ਕਿਹਾ ਗਿਆ ਹੈ। ਉਸ ਦਾ ਇਹ ਸ਼ਿਅਰ ਵੇਖੋ, ਜੀਵਨ ਦੀਆਂ ਕਿੰਨੀਆਂ ਖੂਬਸੂਰਤ ਪਰਤਾਂ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /23