ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਲਗਾਹ ਵਿਚ ਕਾਤਲਾਂ ਨੂੰ ਇਹ ਸੁਨੇਹਾ ਦੇ ਦਿਉ,
ਮਰਨ ਮਾਰਨ ਤੋਂ ਅਗਾਂਹ ਹੈ ਜ਼ਿੰਦਗੀ ਕਬਰਾਂ ਸਮਾਨ।

ਗੁਰਭਜਨ ਦੀ ਸ਼ਾਇਰੀ ਤਰਕਮੁਖੀ ਹੈ ਤੇ ਉਹ ਤਿੱਖੇ ਨਾਅਰਿਆਂ ਦੀਆਂ ਵੈਸਾਖੀਆਂ ਨਹੀਂ ਫੜਦਾ। ਉਹ ਸਾਧਾਂ ਵਾਲੀ ਸੁਝਾਊ ਤੇ ਧਾਰਮਿਕ ਅਕੀਦਿਆਂ ਵਾਲੀ ਵਿਖਿਆਨਕ ਸ਼ਬਦਾਵਲੀ ਨਹੀਂ ਵਰਤਦਾ। ਉਸ ਦੇ ਸ਼ਿਅਰ ਵਿਵੇਕਮੁਖੀ ਹਨ, ਜਿਨ੍ਹਾਂ ਦਾ ਆਧਾਰ ਸੱਚ ਹੈ। ਜਿਹੜਾ ਕਾਰਜ ਹੋ ਸਕਦਾ ਹੈ ਉਹ ਓਸੇ ਪ੍ਰਤੀ ਜ਼ੋਰ ਦੇਂਦਾ ਹੈ। ਅਤਿਕਥਨੀ ਵਾਲੇ ਸ਼ਿਅਰਾਂ ਦਾ ਉਹ ਮੁਦਈ ਨਹੀਂ। ਇਸ ਦੇ ਤਰਕ ਮੱਤੇ ਅਤੇ ਨਵੇਂ ਭਾਵ-ਬੋਧ ਦੇ ਅਨੇਕਾਂ ਸ਼ਿਅਰ ਹਨ:

* ਸਿਰ ਤੋਂ ਪੈਰਾਂ ਤੀਕ ਫ਼ੈਲਿਆ ਆਪਣੇ ਮਨ ਦਾ ਨ੍ਹੇਰਾ ਹੀ,

ਪਤਾ ਨਹੀਂ ਕਿਉਂ ਦੀਵੇ ਧਰਦੇ ਲੋਕ ਮਜ਼ਾਰਾਂ ਉੱਤੇ ਹੁਣ

* ਤੂੰ ਦਾਣਿਆਂ ਨੂੰ ਚੋਰਾ ਨਾ ਸਮਝੀ ਪਰਿੰਦਿਆ,
ਤੇਰੇ ਸ਼ਿਕਾਰ ਵਾਸਤੇ ਦੁਸ਼ਮਣ ਦੀ ਚਾਲ ਹੈ।

*ਦੋਧੇ ਵਸਤਰ ਉਜਲੇ ਚਿਹਰੇ, ਖੇਡ ਰਹੇ ਜੂਏ ਦੀ ਬਾਜ਼ੀ,
ਲੋਕ ਰਾਜ ਦੇ ਪਰਦੇ ਉਹਲੇ ਭਾਰੀ ਪਹਿਰੇਦਾਰੀ ਅੰਦਰ।

* ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨ ਹੋਇਆ,
ਅਸਾਨੂੰ ਚੀਰਿਆ ਸ਼ੈਤਾਨ ਨੇ ਜੋ ਦੋ ਪੰਜਾਬੀ ਵਿਚ।

* ਇਹ ਚਾਰ ਦੀਵਾਰੀ ਨਸਲਾਂ ਦੀ ਤੇ ਧਰਮ ਦੀ ਵਲਗਣ ਤੌਬਾ ਹੈ,
ਲੋਕਾਂ ਨੂੰ ਕਹੀਏ ਤੋੜ ਦਿਉ ਪਰ ਆਪਣੀ ਵਾਰੀ ਸੰਗਦੇ ਰਹੇ।

ਗਿੱਲ ਦੀ ਸ਼ਾਇਰੀ ਵਿਚ 'ਮੈਂ' ਦੀ ਪ੍ਰਥਾਇ ਯਾਨਿ ਪ੍ਰਥਮ ਪੁਰਖ ਦੀ ਤਕਨੀਕ ਉਸਾਰੀ ਗਈ ਹੈ ਅਤੇ ਗਿੱਲ ਉਸ ਸੰਵੇਦਨਸ਼ੀਲ ਅਤੇ ਦੋਹਰੇ ਕਿਰਦਾਰ ਵਾਲੇ ਅਜੋਕੇ ਮਨੁੱਖ ਦੀ ਤਸਵੀਰ-ਕਸ਼ੀ ਆਪਣੇ ਉੱਤੇ ਢੁਕਾਅ ਕੇ ਕਰਦਾ ਹੈ। ਜਦੋਂ ਉਹ ਮਾਨਵੀ ਕਦਰਾਂ ਕੀਮਤਾਂ ਵਾਲੇ ਮਨੁੱਖ ਦੀ ਗੱਲ ਕਰਦਾ ਹੈ ਤਾਂ ਇਹ ਮਾਣ ਅਨਯ ਪੁਰਖ ਨੂੰ ਦੇਂਦਾ ਹੈ। ਇਸ ਤਰ੍ਹਾਂ "ਕਹਿਣਾ ਧੀ ਨੂੰ ਸਮਝਾਉਣਾ ਨੂੰਹ ਨੂੰ" ਵਾਲੀ ਪੰਜਾਬੀ ਕਹਾਵਤ ਸਾਰਥਕ ਹੁੰਦੀ ਹੈ:

* ਕਿੰਨੇ ਚੋਰ ਲਏ ਨੇ ਮੈਂ ਮਨ ਮੰਦਰ ਦੀ ਬਾਰੀ ਅੰਦਰ।
ਚੋਰ ਸਿਪਾਹੀ ਲੜਣ ਮਚਾਈ ਖੇਡਣ ਚਾਰ ਦੀਵਾਰੀ ਅੰਦਰ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /22