ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਤ 'ਚੋਂ ਫ਼ਸਲਾਂ ਸੁਕਾਵਣ ਤੇ ਘਰਾਂ 'ਚੋਂ ਰੌਣਕਾਂ ਵੀ,
ਫੋਕੀਆਂ ਰਸਮਾਂ ਹੀ ਸਾਡੇ ਸੁਪਨਿਆਂ ਨੂੰ ਚਰਦੀਆਂ ਨੇ।

ਫ਼ੈਲਦੇ ਬਾਜ਼ਾਰ ਸਾਨੂੰ ਸੁੰਨ ਕਰ ਦੇਣਾ ਹੈ ਆਖ਼ਿਰ,
ਮਾਪਿਆਂ ਦੇ ਵਾਂਗ ਦੇਣਾ ਨਿੱਘ ਕੰਧਾਂ ਘਰ ਦੀਆਂ ਨੇ।

ਹੁਣ ਝਨਾਂ ਦੇ ਪਾਣੀਆਂ ਵਿਚ ਨਾ ਹੀ ਸੋਹਣੀ ਨਾ ਘੜਾ ਹੈ,
ਹਉਕਿਆਂ ਦੀ ਜੂਨ ਪਈਆਂ ਬੇੜੀਆਂ ਹੀ ਤਰਦੀਆਂ ਨੇ।

ਜ਼ਿੰਦਗੀ ਲੋਹਾਰ ਦੀ ਭੱਠੀ 'ਚ ਜੀਕੂੰ ਸੁਰਖ਼ ਲੋਹਾ,
ਅਗਨ ਦੇ ਫੁੱਲਾਂ 'ਤੇ ਬਹਿਣੋਂ ਤਿਤਲੀਆਂ ਵੀ ਡਰਦੀਆਂ ਨੇ।

ਇਸ ਦੌਰ ਵਿਚ ਦਸਤਕਾਂ ਸਿਰ ਭਨਾ ਕੇ ਮੁੜ ਰਹੀਆਂ ਹਨ ਪਰ ਘਰ ਵਾਲੇ ਬੂਹਾ ਨਹੀਂ ਖੋਲ੍ਹਦੇ। ਇਸ ਢੁਕੇ ਬੂਹਿਆਂ ਨੂੰ ਸੰਗਲਾਂ, ਕੁੰਡਿਆਂ ਤੇ ਜੰਦਰਿਆਂ ਦੀ ਸਜ਼ਾ ਪਿੰਡਾਂ ਤਕ ਵੀ ਪਹੁੰਚ ਚੁੱਕੀ ਹੈ:

* ਕਈ ਵਾਰੀ ਮੈਂ ਦਸਤਕ ਦਿੱਤੀ ਕਿਸੇ ਹੁੰਗਾਰਾ ਹੀ ਨਹੀਂ ਭਰਿਆ,
ਸਮਝ ਨਾ ਆਵੇ ਆਪਣਿਆਂ ਨੂੰ ਘਰ ਦਾ ਬੂਹਾ ਕਿਉਂ ਢੋਇਆ ਹੈ।

* ਰਿਸ਼ਤੇ ਨਾਤੇ ਗਏ ਗੁਆਚੇ ਉੱਜੜ ਗਈਆਂ ਥਾਵਾਂ ਨਾਲ।
ਬੇੜੀ ਦਾ ਕੀ ਸਾਕ ਰਹਿ ਗਿਆ ਸੁੱਕ ਗਏ ਦਰਿਆਵਾਂ ਨਾਲ।

ਪਿੱਛੇ ਜਿਹੇ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਇਕ ਮੁਟਿਆਰ ਗਾਇਕਾ ਗ਼ਜ਼ਾਲਾ ਜਾਵੇਦ ਨੂੰ ਪਿਤਾ ਸਮੇਤ ਗੀਤ ਗਾਉਣ ਦੀ ਸਜ਼ਾ ਵਜੋਂ ਰੂੜੀਵਾਦੀ ਤਾਲਿਬਾਨਾਂ ਨੇ ਕਤਲ ਕਰ ਦਿੱਤਾ। ਸ਼ਾਇਰ ਗਿੱਲ ਨੇ ਇਸ ਕਤਲ ਉੱਤੇ ਇਕ ਦਰਦ ਭਿੱਜੀ ਗ਼ਜ਼ਲ ਲਿਖੀ। ਜਿਸ ਦੇ ਕਰੀਬ ਤਿੰਨ ਦਰਜਨ ਸ਼ਿਅਰ ਹਨ। ਇਹ ਗ਼ਜ਼ਲ ਜਿਥੇ ਕੁਲ ਆਲਮ ਨੂੰ ਇਸ ਕਾਲੀ ਕਰਤੂਤ ਉੱਤੇ ਜਾਗ੍ਰਤ ਕਰਦੀ ਹੈ, ਉਥੇ ਰੂੜੀਵਾਦ ਅਤੇ ਸਨਾਤਨੀ ਸੋਚ ਉੱਤੇ ਵੀ ਕਰਾਰੀ ਸੱਟ ਹੈ। ਬੁਨਿਆਦ-ਪ੍ਰਸਤੀ ਉੱਤੇ ਤਿੱਖੇ ਕਰਦੀ ਇਹ ਗ਼ਜ਼ਲ ਉਸ ਦੀ ਸ਼ਾਹਕਾਰ ਰਚਨਾ ਹੈ। ਕੁਝ ਸ਼ਿਅਰ ਹਾਜ਼ਰ ਹਨ, ਜਿੰਨ੍ਹਾਂ ਵਿਚ ਔਰੰਗਜ਼ੇਬੀ ਸੋਚ ਨੂੰ ਚੌਰਾਹੇ ਖਲ੍ਹਾਰਿਆ ਗਿਆ ਹੈ:

ਤਿਤਲੀਆਂ ਨੂੰ ਖੰਭ ਫੜਕਣ ਦੀ ਮਨਾਹੀ ਕਰ ਦਿਉ,
ਇਹ ਭਲਾ ਕਿਹੜੀ ਸ਼ਰੀਅਤ ਇਹ ਭਲਾ ਕਿਹੜਾ ਵਿਧਾਨ?

ਕਿਹੜਿਆਂ ਮਦਰੱਸਿਆਂ ਤੋਂ ਨਾਗ ਪੜ੍ਹ ਕੇ ਆਏ ਨੇ,
ਡੰਗਦੇ ਧੀਆਂ ਤੇ ਭੈਣਾਂ ਇਹ ਅਨੋਖੇ ਤਾਲਿਬਾਨ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /21