ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

* ਮੈਂ ਤਾਂ ਏਸ ਚੌਰਾਹੇ ਦੇ ਵਿਚ ਬਲਦਾ ਦੀਵਾ ਧਰ ਚੱਲਿਆਂ,
ਲਾਟ ਬਚਾਇਓ ਨ੍ਹੇਰੀ ਕੋਲੋਂ ਸਿਰ 'ਤੇ ਕਾਲੀ ਰਾਤ ਮੀਆਂ

ਗੁਰਭਜਨ ਗਿੱਲ ਜ਼ੋਰ ਜ਼ਬਰ ਤੇ ਜ਼ੁਲਮ ਦੀ ਵਿਵਸਥਾ ਦੀ ਹੁੰਦੀ ਜਾ ਰਹੀ ਲੰਮੀ ਉਮਰ ਉੱਤੇ ਖਿਝਦਾ ਹੋਇਆ ਕਹਿੰਦਾ ਹੈ:

* ਪਤਾ ਨਹੀਂ ਇਸ ਇਮਤਿਹਾਨਾਂ ਵਿਚ ਕਿੰਨਾ ਕੁ ਚਿਰ ਰਹਿਣਾ ਹੈ, ਚਾਰ ਜੁਗ ਤਾਂ ਬੀਤ ਗਏ ਨੇ ਜ਼ੋਰ ਜਬਰ ਇਹ ਸਹਿੰਦੇ ਨੂੰ।



* ਮੁੱਕ ਜਾਵਾਂਗੇ ਬਾਂਸ ਵਰਗਿਉ ਆਪਣੀਉਂ ਹੀ ਅੱਗ ਦੇ ਨਾਲ,
ਡੱਕਿਆ ਨਾ ਜੇ ਬਾਹਾਂ ਨੂੰ ਹੁਣ ਆਪਸ ਦੇ ਵਿਚ ਖਹਿੰਦੇ ਨੂੰ।

ਉਹ ਆਪਣੇ ਵਰਗੇ ਰੌਸ਼ਨੀਆਂ ਦੇ ਕਾਰੋਬਾਰੀਆਂ ਨੂੰ ਸੰਗੀ-ਸਾਥੀ ਵੇਖ ਕੇ ਵਿਸਮਾਦੀ ਸ਼ਿਅਰਾਂ ਦੀ ਰਚਨਾ ਕਰਦਾ ਹੈ:

* ਜਿਹੜੇ ਨ੍ਹੇਰੀਆਂ 'ਚ ਬਾਲਦੇ ਨੇ ਦੀਵਿਆਂ ਦੀ ਪਾਲ,
ਤੇਰੇ ਆਪਣੇ ਨੇ ਮਿੱਤਰਾਂ ਪਿਆਰਿਆਂ ਨੂੰ ਵੇਖ।
ਸਮਤੋਲ ਵਿਚ ਪੈਰ ਤਾਹੀਉਂ ਅੱਗੇ ਅੱਗੇ ਜਾਣੇ,
ਕਦੇ ਜਿੱਤਿਆਂ ਨੂੰ ਵੇਖ ਕਦੇ ਹਾਰਿਆਂ ਨੂੰ ਵੇਖ।

ਉਸ ਨੂੰ ਪੂਰਨ ਆਸ ਹੈ ਕਿ ਚੂਕਦੀਆਂ ਚਿੜੀਆਂ ਵਾਲਾ ਤੇ ਲੋਕ ਜੂਹਾਂ ਵਿਚ ਧਮਾਲਾਂ ਪਾਉਂਦਾ ਸੋਨ ਸਵੇਰਾ ਜ਼ਰੂਰ ਮੋੜ ਲਿਆ ਜਾਵੇਗਾ:

* ਲੱਭਾਂਗੇ ਸੂਰਜ ਮਘ ਰਿਹਾ ਗੁੰਮਿਆਂ ਗੁਆਚਿਆ,
ਭਾਵੇਂ ਅਸਾਂ ਨੂੰ ਪੈਣ ਹੁਣ ਸਾਗਰ ਹੁੰਘਾਲਣੇ।
* ਸੂਰਜ ਆਖੇ ਜਾਗੋ ਜਾਗੋ ਅੱਖਾਂ ਖੋਲ੍ਹੋ ਸੌਣ ਵਾਲਿਓ,
ਭੁੱਲ ਨਾ ਜਾਇਓ ਨਾਲ ਤੁਹਾਡੇ ਨ੍ਹੇਰੇ ਅੰਦਰ ਕੀ ਹੋਇਆ ਹੈ।

ਗੁਰਭਜਨ ਗਿੱਲ ਆਪਣੇ ਸ਼ਿਅਰਾਂ ਵਿਚ ਮਾਨਵ ਦੇ ਆਪਸੀ ਤੇ ਲਹੂ ਦੇ ਰਿਸ਼ਤਿਆਂ ਦੀ ਪੇਸ਼ਕਾਰੀ ਵੱਲ ਉਚੇਚਾ ਧਿਆਨ ਤਾਂ ਨਹੀਂ ਦੇਂਦਾ ਪਰ ਅਹਿਸਾਸ ਦੇ ਰਿਸ਼ਤਿਆਂ ਬਾਰੇ ਤਰਕ ਨਾਲ ਗੱਲ ਕਰਦਾ ਹੈ। ਮਨੁੱਖ ਦੀ ਸਮੁੱਚੀ ਜ਼ਿੰਦਗੀ ਰਿਸ਼ਤਿਆਂ ਵਿਚ ਬੱਝੀ ਹੋਈ ਹੈ ਅਤੇ ਰਿਸ਼ਤੇ ਇਕ ਕੇਂਦਰੀ ਹੱਬ ਵਜੋਂ ਹੋਂਦ ਰੱਖਦੇ ਹਨ। ਜਿਉਂ-ਜਿਉਂ ਸਮਾਜਕ ਕਿਰਤ ਦੇ ਸੰਦ ਬਦਲ ਰਹੇ ਹਨ, ਤਿਉਂ-ਤਿਉਂ ਰਿਸ਼ਤੇ ਵੀ ਤਬਦੀਲ ਹੋ ਰਹੇ ਹਨ। ਹੁਣ ਪਿੰਡਾਂ ਵਿਚ ਮਾਂ, ਧੀ, ਪਿਉ, ਪੁੱਤਰ, ਭਰਾ, ਭੈਣ ਤੇ ਬਾਬੇ, ਚਾਚੇ ਪਹਿਲਾਂ ਵਾਂਗ ਕੰਮ ਕਰਦਿਆਂ ਇਕੱਠੇ ਨਹੀਂ ਵਿਚਰੇ। ਆਰਥਿਕ ਮਜ਼ਬੂਰੀਆਂ ਨੇ ਵੀ ਪਿਆਰ-ਅਹਿਸਾਸ ਦੇ ਰਿਸ਼ਤਿਆਂ ਵਿਚ ਫ਼ਰਕ ਲੈ ਆਂਦਾ ਹੈ। ਅਜੋਕੇ ਦੌਰ ਵਿਚ ਅਨੇਕਾਂ ਕਾਰਨਾਂ ਕਰਕੇ ਮਨੁੱਖੀ ਰਿਸ਼ਤਿਆਂ ਵਿਚ ਅਜਨਬੀਪਣ ਆਉਂਦਾ ਜਾ ਰਿਹਾ ਹੈ। ਪੈਸਾ ਤੇ ਮਸ਼ੀਨ ਸਮਾਜ ਦੀ ਚਾਲਕ ਸ਼ਕਤੀ ਹੋ ਗਏ ਹਨ। ਉਸ ਦੀ ਇਕ ਸ਼ਾਨਦਾਰ ਗ਼ਜ਼ਲ ਦੇ ਕੁਝ ਸ਼ਿਅਰ ਵੇਖੋ:

ਇਕ ਦੂਜੇ ਤੋਂ ਮਸ਼ੀਨਾਂ ਦੂਰ ਸਾਨੂੰ ਕਰਦੀਆਂ ਨੇ।
ਮਹਿਕਦੀ ਧੜਕਣ ਨੂੰ ਖੋਹ ਕੇ ਆਪ ਉਹ ਥਾਂ ਭਰਦੀਆਂ ਨੇ।

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /20