ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਗ਼ਜ਼ ਕਲਮ ਦਵਾਤ ਲੁਕਾ ਲਾਂ ਖ਼ਤਰਨਾਕ ਹਥਿਆਰਾਂ ਨੂੰ।

ਗੁਰਭਜਨ ਮਹਿਸੂਸ ਕਰਦਾ ਹੈ ਕਿ ਐਸੀ ਗਰਕੀ ਤੇ ਦਹਿਸ਼ਤ ਭਰੀ ਵਹਿਸ਼ੀ ਸਥਿਤੀ ਦੇ ਬਰ-ਖ਼ਿਲਾਫ਼ ਕੇਵਲ ਕਲਮਾਂ ਦਾ ਮੋਰਚਾ ਹੀ ਕਾਫ਼ੀ ਨਹੀਂ ਸਗੋਂ ਬੰਦੂਕਾਂ ਸਾਹਵੇਂ ਇਹ ਨਿਰਬਲ ਹੈ:

*ਸਾਰੇ ਚੌਂਕ ਚੁਰਸਤੇ ਮੱਲੇ ਕਾਲੇ ਫਨੀਅਰ ਨਾਗਾਂ ਨੇ,
ਯਤਨ ਕਰਾਂ ਕਿ ਕੀਲ ਲਵਾਂ ਮੈਂ ਗ਼ਜ਼ਲਾਂ ਤੇ ਕਵਿਤਾਵਾਂ ਨਾਲ।

ਗੁਰਭਜਨ ਏਸ ਮੂਜ਼ੀ ਸਥਿਤੀ ਉੱਤੇ ਕੇਵਲ ਤਸਵੀਰ-ਕਸ਼ੀ ਹੀ ਨਹੀਂ ਕਰਦਾ ਸਗੋਂ ਇਸ ਕਾਰੇ ਭਰੀ ਤੇ ਯਾਤਨਾਵਾਂ ਵਰਤਾਉਂਦੀ ਕਾਲੀ ਰਾਤ ਦੇ ਹਨੇਰੇ ਵਿਚ ਛੁਪੇ ਸੂਤਰਧਾਰ ਨੂੰ ਵੀ ਪਛਾਣਦਾ ਹੈ। ਉਹ ਇਸ ਸਥਿਤੀ ਨੂੰ ਚੇਤਨਾ ਦੇ ਝਾੜੂ ਨਾਲ ਹੂੰਝਣ ਦਾ ਯਤਨ ਕਰਦਾ ਹੈ। ਲੋਕਾਂ ਨੂੰ ਚੇਤਨ ਹੋ ਕੇ ਅਣਖ ਦੇ ਅਤੇ ਸੰਘਰਸ਼ ਦੇ ਦੀਪ ਜਗਾਉਣ ਨੂੰ ਆਖਦਾ ਹੈ:

*ਪਾਟੀਆਂ ਲੀਰਾਂ ਵਾਂਗ ਰੁਲੇ ਨਾ ਇਹਦਾ ਵਰਕਾ ਵਰਕਾ ਵੀ,
ਸਾਂਝ ਭਰੱਪਣ ਵਾਲੀ ਇਹ ਜੋ ਹੱਥਾਂ ਵਿਚ ਕਿਤਾਬ ਹੈ।

*ਇਹ ਮੌਸਮ ਦੀ ਕਰਾਮਾਤ ਹੈ ਸਿਖ਼ਰ ਦੁਪਹਿਰ ਹਨੇਰਾ ਹੈ,
ਪਰ ਇਸ ਵੇਲੇ ਸਿਰ 'ਤੇ ਦਗਦਾ ਸੂਰਜ ਦਾ ਗੋਲਾ ਤਾਂ ਦੇਖ।

*ਆਪਣੇ ਘਰ ਦੀ ਚਾਰ ਦੀਵਾਰੀ ਤੋਂ ਵੀ ਬਾਹਰ ਝਾਕ ਜ਼ਰਾ,
ਪਰਛਾਵੇਂ ਤੋਂ ਡਰਨ ਵਾਲਿਆਂ ਉੱਚਾ ਕੱਦ ਅਪਣਾ ਤਾਂ ਦੇਖ।

*ਮੀਲਾਂ ਤੀਕ ਉਦਾਸੀ ਦਾ ਥਲ ਮਾਰੂ ਅੱਗ ਵਰ੍ਹਾਏਗਾ,
ਆਪੋ ਆਪਣੇ ਘਰਾਂ 'ਚੋਂ ਰੋਕੋ ਅਗਨੀ ਦੇ ਵਿਸਥਾਰਾਂ ਨੂੰ।

*ਕਲਮਾਂ ਬੁਰਸ਼ਾਂ ਸਾਜ਼ਾਂ ਵਾਲਿਉ ਇਸ ਮੌਸਮ ਦਾ ਫ਼ਿਕਰ ਕਰੋ,
'ਸੱਚ ਕੀ ਬੇਲਾ' ਹੱਕ ਨਿਤਾਰੋ ਕੰਧਾਂ ਦਾ ਇਤਿਹਾਸ ਲਿਖੋ।

*ਤਣੇ ਹੋਏ ਮੁੱਕੇ ਨੂੰ ਆਖੋ ਹੋਸ਼ ਨਾਲ ਸਮਤੋਲ ਕਰੇ,
ਸੰਗਰਾਮੀ ਦੀ ਚਾਲ ਤੁਰਦਿਆਂ ਕਦਮਾਂ ਦਾ ਇਤਿਹਾਸ ਲਿਖੋ।

*ਖ਼ਬਰੇ ਕਿਸ ਦਿਨ ਸੁੱਤੇ ਲੋਕੀ ਗੂੜ੍ਹੀ ਨੀਂਦ 'ਚੋਂ ਜਾਗਣਗੇ,
ਹੱਕ ਅਤੇ ਇਨਸਾਫ਼ ਦੀ ਖ਼ਾਤਰ ਛੇੜਨਗੇ ਸੰਗਰਾਮ ਜਿਹਾ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/ 19