ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———8———

ਗੁਆਚੇ ਯਾਰ ਸਾਰੇ ਸ਼ਹਿਰ ਵਿਚ ਕਿਸ ਨੂੰ ਬਲਾਵਾਂਗਾ।
ਮੈਂ ਕਿਸਦੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ।

ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ।

ਮੈਂ ਬਚਪਨ ਵਿਚ ਕਦੀ ਜਦ ਬੰਟਿਆਂ 'ਤੇ ਚੋਟ ਲਾਉਂਦਾ ਸਾਂ,
ਨਹੀਂ ਸਾਂ ਜਾਣਦਾ ਏਦਾਂ ਹੀ ਮੈਂ ਵੀ ਤਿੜਕ ਜਾਵਾਂਗਾ।

ਮੈਂ ਸਾਰੀ ਰਾਤ ਅੱਥਰੇ ਸੁਪਨਿਆਂ ਨੂੰ ਟਾਲਦਾ ਰਹਿੰਨਾਂ,
ਪਤਾ ਹੈ ਸਾਂਭ ਕੇ ਇਨ੍ਹਾਂ ਨੂੰ ਮੈਂ ਤਾਂ ਬਿਖਰ ਜਾਵਾਂਗਾ।

ਤੁਸਾਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗੁਆ ਦੇਣੀ,
ਜਦੋਂ ਮੈਂ ਆਪਣੇ ਮੱਥੇ 'ਚ ਖੁਭੇ ਕਿੱਲ ਗਿਣਾਵਾਂਗਾ।

ਗੁਆਚੇ ਚਿਹਰਿਓ, ਆਓ ਤੁਹਾਨੂੰ ਘਰ ਨੂੰ ਲੈ ਚੱਲਾਂ,
ਨਹੀਂ ਤਾਂ ਆਪ ਵੀ ਮੈਂ ਰੌਲਿਆਂ ਵਿਚ ਗਰਕ ਜਾਵਾਂਗਾ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /34