ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———33———

ਤੁਸੀਂ ਉਲਝਾ ਲਿਆ ਸਾਨੂੰ ਹਿਸਾਬਾਂ ਤੇ ਕਿਤਾਬਾਂ ਵਿਚ।
ਕੋਈ ਵੀ ਫ਼ਰਕ ਨਾ ਜਾਪੇ ਸੁਆਲਾਂ ਤੇ ਜੁਆਬਾਂ ਵਿਚ।

ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ,
ਉਦੋਂ ਦੀ ਮਹਿਕ ਮੋਈ ਹੈ ਬਗ਼ੀਚੇ ਦੇ ਗੁਲਾਬਾਂ ਵਿਚ।

ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ,
ਜਿੰਨ੍ਹਾਂ ਦਾ ਕਤਲ ਹੋਇਆ ਮੇਰਿਆਂ ਰੰਗੀਨ ਖ਼੍ਵਾਬਾਂ ਵਿਚ।

ਜੋ ਸਾਰੀ ਉਮਰ ਨੰਗੇ ਪੈਰ ਲੰਮਾ ਸਫ਼ਰ ਕਰਦੇ ਨੇ,
ਉਨ੍ਹਾਂ ਦੇ ਪੈਰ ਨਹੀਂ ਫਸਦੇ ਕਦੇ ਬੂਟਾਂ ਜੁਰਾਬਾਂ ਵਿਚ।

ਜਿੰਨ੍ਹਾਂ ਨੂੰ ਵੋਟ ਪਾ ਕੇ ਭੇਜਦੇ ਹਾਂ ਰਾਜ ਭਵਨ ਅੰਦਰ,
ਉਹ ਆਪਣੇ ਆਪ ਤਾਈਂ ਗਿਣਨ ਲੱਗਦੇ ਨੇ ਨਵਾਬਾਂ ਵਿਚ।

ਜ਼ਮਾਨਾ ਬਦਲਿਆ ਤੇ ਬਦਲੀਆਂ ਦਿਲਚਸਪੀਆਂ ਵੇਖੋ,
ਕਿ ਮੱਕੜੀ ਜਾਲ ਪਈ ਬੁਣਦੀ ਹੈ ਸਾਜ਼ਾਂ ਤੇ ਰਬਾਬਾਂ ਵਿਚ।

ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਆ,
ਅਸਾਨੂੰ ਚੀਰਿਆ ਸ਼ੈਤਾਨ ਨੇ ਹੈ ਦੋ ਪੰਜਾਬਾਂ ਵਿਚ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /59