ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———34———

ਯਾਰੀ ਪਾਉਂਦੇ ਜੇ ਨਾ ਰੰਗਲੇ ਗੁਬਾਰਿਆਂ ਦੇ ਨਾਲ।
ਸਾਡੀ ਨਿਭ ਜਾਂਦੀ ਦੋਸਤੀ ਅੰਗਾਰਿਆਂ ਦੇ ਨਾਲ।

ਅਸੀਂ ਤੇਰੇ ਵਾਂਗ ਅੰਬਰਾਂ ਨੂੰ ਸੀਗਾ ਚੁੰਮ ਲੈਣਾ,
ਰਲ ਜਾਂਵਦੇ ਜੇ ਪੀਂਘ ਦੇ ਹੁਲਾਰਿਆਂ ਦੇ ਨਾਲ।

ਅਸੀਂ ਵੱਖ ਤੁਸੀਂ ਵੱਖ ਸਾਡੀ ਰਲਦੀ ਨਾ ਅੱਖ,
ਕਦੋਂ ਯਾਰੀਆਂ ਪੁਗਾਈਆਂ ਮਹਿਲਾਂ, ਢਾਰਿਆਂ ਦੇ ਨਾਲ।

ਤੁਸੀਂ ਗੂੰਗਿਆਂ ਦੇ ਵਾਂਗ ਚੁੱਪ-ਚਾਪ ਬੈਠ ਗਏ,
ਬਾੜ ਤੁਰਨੀ ਹੈ ਅੱਗੇ ਤਾਂ ਹੁੰਗਾਰਿਆਂ ਦੇ ਨਾਲ।

ਸਾਨੂੰ ਧਰਤੀ ਦੇ ਮਾਲ ਤੇ ਖ਼ਜ਼ਾਨਿਆਂ ਤੋਂ ਵੱਧ,
ਜਿਹੜੀ ਘੜੀ ਲੰਘੇ ਸੱਜਣਾਂ-ਪਿਆਰਿਆਂ ਦੇ ਨਾਲ।

ਸਾਨੂੰ ਤਲਖ਼ ਹਕੀਕਤਾਂ ਨੇ ਇਹੀ ਸਮਝਾਇਆ,
ਕਦੇ ਜ਼ਿੰਦਗੀ ਨਾ ਤੁਰੇ ਮਿੱਠੇ ਲਾਰਿਆਂ ਦੇ ਨਾਲ।

ਗੂੰਗੇ ਬੋਲ਼ੇ ਨੂੰ ਕੀ ਸਾਡੀਆਂ ਮੁਸੀਬਤਾਂ ਦੀ ਸਾਰ,
ਜਿਹੜਾ ਆਪ ਗੱਲਾਂ ਕਰਦੈ ਇਸ਼ਾਰਿਆਂ ਦੇ ਨਾਲ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /60