ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———35———

ਸਿਰਾਂ 'ਤੇ ਰਾਤ ਹੈ ਕਾਲੀ ਭਰਾਓ ਜਾਗਦੇ ਰਹੀਏ।
ਕਿਤੇ ਪੱਥਰ ਨਾ ਹੋ ਜਾਈਏ ਦਿਲਾਂ ਦੀ ਵੇਦਨਾ ਕਹੀਏ।

ਇਹ ਏਨੇ ਸਾਲ ਵਿਚ ਪਹੁੰਚੀ ਕਿਤੇ ਨਾ ਦੋਸਤੋ ਗੱਡੀ,
ਬਥੇਰੇ ਹਿੱਕ ਸਾਡੀ ਨੇ ਲੰਘਾਏ ਰੇਲ ਦੇ ਪਹੀਏ।

ਅਸੀਂ ਮੁਜਰਿਮ ਦੇ ਵਾਂਗੂੰ ਲੰਘਦੇ ਹਾਂ ਰਾਜਪਥ ਕੋਲੋਂ,
ਤਲਾਸ਼ੀ ਵਾਲਿਆਂ ਕੋਲੋਂ ਕਿਤੇ ਪੱਗ ਨਾ ਲਾ ਬਹੀਏ।

ਮਲਾਹਾਂ ਅੱਧ ਵਿਚ ਦਰਿਆ ਦੇ ਆ ਬੇੜੀ ਖਲ੍ਹਾਰੀ ਹੈ,
ਤੁਸੀਂ ਦੱਸੋ ਕਿ ਇਸ ਨੂੰ ਦੋਸਤੀ ਜਾਂ ਦੁਸ਼ਮਣੀ ਕਹੀਏ।

ਸਿਰਫ਼ ਇਕ ਸਿਦਕ ਤੇ ਵਿਸ਼ਵਾਸ ਮੇਰੇ ਨਾਲ ਤੁਰਦਾ ਹੈ,
ਉਸ ਦੇ ਆਸਰੇ ਹਰ ਹਾਲ ਵਿਚ ਸਿੱਧੇ ਖੜ੍ਹੇ ਰਹੀਏ।

ਜਦੋਂ ਮੌਸਮ ਨੇ ਅੱਜ ਤਕ ਨਾਲ ਸਾਡੇ ਨਾ ਵਫ਼ਾ ਕੀਤੀ,
ਅਸੀਂ ਵੀ ਕਿਹੜੇ ਸਾਕੋਂ ਏਸ ਦੀ ਯਾਰੋ ਤੜੀ ਸਹੀਏ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /61