ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———36———

ਦਿੱਲੀ ਦਿਲ ਤੋਂ ਦੂਰ ਖੜ੍ਹੀ ਹੈ।
ਤਾਹੀਓਂ ਦਿੱਲੀ ਦੂਰ ਬੜੀ ਹੈ।

ਮਾਂ ਪਿਉ ਜਾਏ ਮਾਰ ਮੁਕਾਏ,
ਇਹ ਕਿੱਧਰਲੀ ਜੰਗ ਲੜੀ ਹੈ।

ਡਰਦੀ 'ਵਾਜ ਨਾ ਸੰਘੋਂ ਨਿਕਲੇ,
ਹਰ ਬੂਹੇ 'ਤੇ ਮੌਤ ਖੜ੍ਹੀ ਹੈ।

ਲੱਗੇ ਬੋਹਲ ਉਡਾ ਨਾ ਦੇਵੇ,
ਲਹਿੰਦੀ ਗੁੱਠੇ ਧੂੜ ਚੜ੍ਹੀ ਹੈ।

ਟੁੱਟ ਗਈ ਤਾਂ ਫਿਰ ਨਾ ਜੁੜਨੀ,
ਨਾ ਤੋੜੋ ਇਹ ਅਹਿਮ ਕੜੀ ਹੈ।

ਕਿਥੇ ਪੈਰ ਧਰੋਗੇ ਏਥੇ,
ਚਹੁੰ ਗਿੱਠਾਂ ਤੇ ਫੇਰ ਮੜ੍ਹੁ ਹੈ।

ਸੂਈਆਂ ਪਿੱਛੇ ਘੁੰਮੀ ਜਾਵਣ,
ਮੇਰੇ ਗੁੱਟ 'ਤੇ ਅਜਬ ਘੜੀ ਹੈ।

ਵੇਖੀਂ ਇਸ ’ਤੇ ਛੱਤ ਨਾ ਪਾਈਂ,
ਗੱਤੇ ਦੀ ਦੀਵਾਰ ਖੜ੍ਹੀ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /62