ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———38———

ਹਾਲ ਮੁਰੀਦਾਂ ਕਿਸ ਨੂੰ ਕਹੀਏ।
ਮਿੱਤਰਾਂ ਤੋਂ ਨਿੱਤ ਧੋਖੇ ਸਹੀਏ।

ਇਕੋ ਥਾਂ 'ਤੇ ਘੁੰਮੀ ਜਾਂਦੇ,
ਇਸ ਜੀਵਨ ਦੇ ਚਾਰੇ ਪਹੀਏ।

ਆਪ ਖਿਲਾਰੇ ਕੰਡੇ ਚੁਗੀਏ,
ਆਉ ਸਾਰੇ ਰਲ ਕੇ ਡਹੀਏ।

ਇਹ ਜੀਵਨ ਹੈ ਚਾਰ ਦਿਹਾੜੇ,
ਸਭ ਦੀ ਸੁਣੀਏ ਸਭ ਨੂੰ ਕਹੀਏ।

ਇਨਸਾਨਾਂ ਦੀ ਜੂਨ ਪਏ ਹਾਂ,
ਪਸ਼ੂਆਂ ਵਾਂਗੂੰ ਕਾਹਨੂੰ ਖਹੀਏ।

ਨਜ਼ਰਾਂ ਤੋਂ ਨਾ ਗਿਰੀਏ ਯਾਰੋ,
ਇਕ ਦੂਜੇ ਦੇ ਦਿਲ ਵਿਚ ਲਹੀਏ।

ਤੇਜ਼ ਹਨੇਰੀ ਉੱਡ ਜਾਵਾਂਗੇ,
ਕੱਠੇ ਹੋ ਕੇ ਇਕ ਥਾਂ ਬਹੀਏ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /64