ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———39———

ਰੂਹ ਦੀ ਪਿਆਸ ਮਿਟਾਵਣ ਖ਼ਾਤਰ ਪੁੱਠੇ ਖੂਹ ਨਹੀਂ ਗੇੜੀਦੇ।
ਵਗਦੀ ਨੈਂ 'ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ।

ਯਾਦਾਂ ਦਾ ਇਕ ਝੁਰਮਟ ਤੈਨੂੰ ਘੇਰੂ ਸੁੱਤਿਆਂ ਜਾਗਦਿਆਂ,
ਮਹਿਮਾਨਾਂ ਤੋਂ ਡਰ ਕੇ ਐਵੇਂ ਘਰ ਦੇ ਦਰ ਨਹੀਂ ਭੇੜੀਦੇ।

ਗਮਲੇ ਵਿਚੋਂ ਨਿਕਲੀ ਜੜ੍ਹ ਨੇ ਇਹ ਮਾਲੀ ਨੂੰ ਆਪ ਕਿਹਾ,
ਬੇਕਦਰਾਂ ਦੇ ਪੱਕੇ ਵਿਹੜੇ ਅੰਦਰ ਵੱਲ ਨਹੀਂ ਖੇੜੀਦੇ।

ਉਹ ਤਾਂ ਦਿਲ ਵਿਚ ਸੋਚ ਤੁਰੀ ਸੀ ਪਾਰ ਲੰਘਾਊਂ ਰਾਹੀਆਂ ਨੂੰ,
ਸਣੇ ਮਲਾਹਾਂ ਡੁੱਬ ਗਏ ਸੁਫ਼ਨੇ ਅੱਧ ਵਿਚਾਲੇ ਬੇੜੀ ਦੇ।

ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ,
ਮਨ ਦੇ ਰੌਲੇ ਭੀੜ ’ਚ ਬਹਿ ਕੇ ਏਦਾਂ ਨਹੀਂ ਨਿਬੜੀਦੇ।

ਦੁੱਖ ਤੇ ਸੁਖ ਦੇ ਦੋਵੇਂ ਪਹੀਏ ਕਠੇ ਹੋ ਕੇ ਰਿੜ੍ਹਦੇ ਨੇ,
ਸੁਖ ਸੁਖ ਤੇਰਾ ਦੁੱਖ ਦੁੱਖ ਮੇਰਾ ਏਦਾਂ ਨਹੀਂ ਨਿਖੇੜੀਦੇ।

ਧਰਤੀ ਉੱਪਰ ਲੀਕਾਂ ਵਾਹ ਕੇ ਦੱਸ ਨਫ਼ਾ ਕੀ ਖੱਟਿਆ ਹੈ,
ਇਕੋ ਮਾਂ ਦੇ ਜੰਮੇ ਜਾਏ ਐਦਾਂ ਨਹੀਂ ਤਰੇੜੀਦੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /65