ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———42———

ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ।
ਪਹਿਲਾਂ ’ਵਾ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ।

ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ,
ਇਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ।

ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ,
ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ।

ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ,
ਏਸ ਤੋਂ ਵਧ ਕੇ ਭਲਾ ਹੋਵੇਗੀ ਕਿਹੜੀ ਕਰਬਲਾ।

ਜਿਸ ਨੂੰ ਤੂੰ ਆਖੇਂ ਆਜ਼ਾਦੀ ਲੱਭ ਲੈ ਕਿਧਰ ਗਈ,
ਉਹ ਤਾਂ ਸੀ ਇਕ ਖ਼੍ਵਾਬ ਰਾਤੀਂ ਆਇਆ ਆ ਕੇ ਤੁਰ ਗਿਆ।

ਰੰਗ ਬਦਲੇ, ਪਰ ਕਿਸੇ ਨਾ ਢੰਗ ਬਦਲੇ ਨਾ ਵਿਧਾਨ,
ਕੁਰਸੀਆਂ 'ਤੇ ਕਾਲਾ ਧਨ ਚਿਹਰਾ ਬਦਲ ਕੇ ਬਹਿ ਗਿਆ।

ਬੰਦਿਆਂ 'ਤੇ ਰੋਕ ਸਰਹੱਦ ਪਾਰ ਕੰਡਿਆਲੀ ਖੜ੍ਹੀ,
ਕੌਣ ਡੱਕ ਸਕਦੈ ਭਲਾ ਦੱਸ ਹਾਉਕਿਆਂ ਦਾ ਕਾਫ਼ਲਾ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /68