ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———44———

ਸਿੱਧੇ ਰਾਹੀਂ ਤੁਰੇ ਜਾਂਦਿਆਂ, ਇਹ ਕੀ ਭਾਣਾ ਵਾਪਰਿਆ।
ਮਨ ਦਾ ਪੰਛੀ ਉੱਡਦਾ ਉੱਡਦਾ, ਬਲਦੇ ਰੁੱਖ 'ਤੇ ਬੈਠ ਗਿਆ।

ਖਿੜੇ ਗੁਲਾਬ ਤ੍ਰੇਲ ਦੇ ਮੋਤੀ ਪੱਤੀਆਂ ਵੀ ਸਭ ਨਕਲੀ ਨੇ,
ਖ਼ੁਸ਼ਬੂ ਨਾ ਲੱਭ ਮਰਤਬਾਨ ਦੀਆਂ ਮੱਛੀਆਂ ਮੈਨੂੰ ਆਪ ਕਿਹਾ।

ਤਪਦੇ ਮਾਰੂਥਲ ਵਿਚ ਜੰਤ ਪਰਿੰਦੇ ਤੜਫਣ ਪਾਣੀ ਨੂੰ,
ਯਾਤਰੂਆ ਤੂੰ ਮੋਢੇ ਟੰਗੀ, ਬੋਤਲ ਨੂੰ ਵੀ ਖੋਲ੍ਹ ਜ਼ਰਾ।

ਚੜ੍ਹਦਾ ਦਿਨ ਤੇ ਡੁੱਬਦਾ ਸੂਰਜ ਸ਼ਾਮ ਸਵੇਰਾਂ ਵਕਤ ਗਵਾਹ,
ਨੇਰ੍ਹੇ ਦੀ ਬੁੱਕਲ 'ਚੋਂ ਨਿਕਲੇ ਨੇਰ੍ਹੇ ਦੇ ਘਰ ਫੇਰ ਗਿਆ।

ਆਪਣੇ ਮਨ ਦਾ ਵਿਹੜਾ ਜੇ ਤੂੰ ਰੌਸ਼ਨ ਕਰਨਾ ਚਾਹੁੰਦਾ ਏਂ,
ਤਨ ਦੇ ਦੀਵੇ ਅੰਦਰ ਬੱਤੀ ਚੇਤਨਤਾ ਦੀ ਤੁਰਤ ਜਗਾ।

ਇਨ੍ਹਾਂ ਤੋਂ ਮੈਂ ਲਵਾਂ ਰਵਾਨੀ ਜੀਵਨ ਤੋਰ ਨਿਰੰਤਰ ਸੇਧ,
ਮੇਰੇ ਲਈ ਤਾਂ ਦੋਵੇਂ ਰੱਬ ਨੇ ਜਗਦਾ ਦੀਵਾ ਤੇ ਦਰਿਆ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /70