ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———45———

ਦਿਲ ਹੋਇਆ ਛਾਲੇ ਛਾਲੇ ਸੁੱਜੇ ਅੱਖੀਆਂ ਦੇ ਕੋਏ।
ਜਿਹੜੀ ਮੇਰੇ ਨਾਲ ਹੋਈ ਵੈਰੀ ਨਾਲ ਵੀ ਨਾ ਹੋਏ।

ਜਿੰਨ੍ਹਾਂ ਸੱਜਣਾਂ ਤੇ ਮੈਨੂੰ ਹੈ ਸੀ ਹੱਦੋਂ ਵੱਧ ਮਾਣ,
ਉਨ੍ਹਾਂ ਸਾਰਿਆਂ ਤੋਂ ਵੱਧ ਮੇਰੀ ਕੀਤੀ ਤੋਏ ਤੋਏ।

ਭੁੱਲੇ ਕੌਲ ਤੇ ਕਰਾਰ ਜਿਹੜੇ ਕੀਤੇ ਬਾਰ ਬਾਰ,
ਨੀਲੇ ਅੰਬਰਾਂ ਦੀ ਛਾਵੇਂ ਸੁੱਚੀ ਚਾਨਣੀ ਦੀ ਲੋਏ।

ਹਰ ਪੱਤੇ ਬੂਟੇ ਕਾਹੀ ਤੁਰੀ ਫਿਰੇ ਬੇਵਿਸਾਹੀ,
ਕਿਤੇ ਬੰਦਿਆਂ ਦੇ ਭੇਸ ਵਿਚ ਅੱਗ ਹੀ ਨਾ ਹੋਏ।

ਜਿੰਨ੍ਹਾਂ ਫੁੱਲਾਂ ਨੂੰ ਮੈਂ ਪਾਲਿਆਂ ਸੀ ਬੜੇ ਚਾਵਾਂ ਨਾਲ,
ਵਣਜਾਰਿਆਂ ਨੇ ਤੋੜ ਸਾਰੇ ਸੂਈ 'ਚ ਪਰੋਏ।

ਵੇਖ ਮੌਤ ਦਾ ਸਾਮਾਨ ਸਹਿਮੀ 'ਕੱਲੀਕਾਰੀ ਜਾਨ,
ਕਿਤੇ ਧਰਤੀ 'ਤੇ ਮੇਰੀ ਰਾਤ ਆਖ਼ਰੀ ਨਾ ਹੋਏ।

ਤੇਰੇ ਦਿਲ ਦੀਆਂ ਗੱਲਾਂ ਬਿਨਾਂ ਕਹੇ ਬੁੱਝ ਲਈਆਂ,
ਅੱਜ ਪਹਿਲੀ ਵਾਰ ਆਪਾਂ ਗਲੇ ਲੱਗ ਕੇ ਨਾ ਰੋਏ।

ਤੇਰੇ ਹੱਥ ਵਿਚ ਤੀਰ ਤੇ ਕਮਾਨ ਮੇਰੀ ਜਾਨ,
ਚੱਲ ਮਾਰ ਤੂੰ ਨਿਸ਼ਾਨਾ ਗੱਲ ਇਕ ਪਾਸੇ ਹੋਏ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /71