ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———46———

ਖ਼ਬਰੇ ਕਿਹੜੇ ਗ਼ਮ ਨੇ ਖਾਧੇ ਸਾਵੇ ਪੱਤਰ ਰੁੱਖਾਂ ਦੇ।
ਨਕਸ਼ ਨੁਹਾਰ ਇਨ੍ਹਾਂ ਦੀ ਮਿਲਦੀ ਨਾਲ ਬੀਮਾਰ ਮਨੁੱਖਾਂ ਦੇ।

ਤੂੰ ਕਿਤਿਉਂ ਵੀ ਚੂਲੀ ਭਰ ਲੈ ਹਰ ਥਾਂ ਖਾਰਾ ਪਾਣੀ ਹੈ,
ਖ਼ੂਨ ਪਸੀਨਾ ਅੱਥਰੂ ਬਣ ਗਏ ਦਰਦ ਸਮੁੰਦਰ ਦੁੱਖਾਂ ਦੇ।

ਹਰੇ ਕਚੂਰ ਦਰਖ਼ਤਾਂ ਵਲ ਤੂੰ ਵੇਖੀਂ ਤੇ ਇਹ ਸਮਝ ਲਈਂ,
ਪੱਤਝੜ ਮਗਰੋਂ ਲਗਰਾਂ ਫੁੱਟਣ ਦੁੱਖ ਮਗਰੋਂ ਦਿਨ ਸੁੱਖਾਂ ਦੇ।

ਰੱਜੇ ਪੁੱਜੇ ਲੋਕੀਂ ਰੋ ਰੋ ਹੋਰ ਦੌਲਤਾਂ ਮੰਗਦੇ ਨੇ,
ਰੁੱਖੀ ਮਿੱਸੀ ਖਾ ਸੌਂ ਜਾਂਦੇ ਲਾਡ ਲਡਾਏ ਭੁੱਖਾਂ ਦੇ।

ਦੋਧੇ ਵਸਤਰ ਉੱਜਲੇ ਚਿਹਰੇ ਬਗਲੇ ਵਾਂਗ ਅਡੋਲ ਖੜ੍ਹੇ,
ਵੇਖ ਪਛਾਣ ਲਵੀਂ ਤੂੰ ਆਪੇ ਮੂੰਹ ਨਕਲੀ ਗੁਰਮੁੱਖਾਂ ਦੇ।

ਜਾਇਦਾਦ ਅਣਦਿਸਦਾ ਕੀੜਾ ਰਿਸ਼ਤੇ ਤਾਰੋ ਤਾਰ ਕਰੇ,
ਖਾਂਦਾ ਖਾਂਦਾ ਖਾ ਜਾਂਦਾ ਹੈ ਸੁੱਚੇ ਰਿਸ਼ਤੇ ਕੁੱਖਾਂ ਦੇ।

ਚੌਵੀ ਘੰਟੇ ਜਿੰਨ੍ਹਾਂ ਨੂੰ ਬਸ ਆਪਣਾ ਹਿੱਤ ਹੀ ਯਾਦ ਰਹੇ,
ਬਹੁਤਾ ਮੱਥੇ ਲੱਗਿਆ ਨਾ ਕਰ ਏਹੋ ਜਿਹੇ ਮਨਮੁੱਖਾਂ ਦੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /72