ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———47———

ਵਿਛੜੀ ਸਾਥਣ ਪ੍ਰੋ. ਨਿਰਪਜੀਤ ਕੌਰ ਗਿੱਲ ਦੇ ਨਾਂ

ਰਾਤੀਂ ਸੁਪਨੇ 'ਚ ਮੇਰੇ ਨਾਲ ਹਾਦਸਾ ਕੀ ਹੋਇਆ।
ਅੱਖੋਂ ਅੱਥਰੂ ਨਾ ਵਗੇ ਤੇ ਮੈਂ ਬੁੱਕ ਬੁੱਕ ਰੋਇਆ।

ਜਿਵੇਂ ਸੂਲਾਂ 'ਚ ਪਰੁੱਚ ਜਾਣ ਤਿਤਲੀ ਦੇ ਪਰ,
ਕੁਝ ਇਸੇ ਤਰ੍ਹਾਂ ਮੇਰੀਆਂ ਉਮੀਦਾਂ ਨਾਲ ਹੋਇਆ।

ਜਦੋਂ ਸਿਰ ਉੱਤੇ ਆਈ ਤੇਜ਼ ਬਲਦੀ ਦੁਪਹਿਰ,
ਮੇਰਾ ਆਪਣਾ ਹੀ ਸਾਇਆ ਸਾਥ ਛੱਡ ਕੇ ਖਲੋਇਆ।

ਸੁੱਕੇ ਰੁੱਖ ਤੇ ਕਰੂੰਬਲਾਂ ਅਜੀਬ ਜਿਹਾ ਮੇਲ,
ਹੋਊ ਇਨ੍ਹਾਂ ਨੂੰ ਪਿਆਰ ਨਾਲ ਸੱਜਣਾਂ ਨੇ ਛੋਹਿਆ।

ਕੱਲ੍ਹੇ ਰੁੱਖ ਕੋਲੋਂ ਲੰਘਦੀ ਮਖ਼ੌਲ ਕਰ ਪੌਣ,
ਕਿਨੂੰ ਦੁਖੜਾ ਸੁਣਾਵੇ ਜਿਹੜਾ ਦਿਲ ’ਚ ਸਮੋਇਆ।

ਭਾਵੇਂ ਰੇਤ ਵਿਚ ਭੁੰਨ ਭਾਵੇਂ ਕੋਲਿਆਂ 'ਤੇ ਰੱਖ,
ਤੇਰਾ ਇਹੀ ਧੰਨਵਾਦ ਜਿਹੜਾ ਸੀਖ਼ ’ਚ ਪਰੋਇਆ।

ਚਲੋ ਬਾਕੀ ਤਾਂ ਸੀ ਸਾਰਾ ਹੀ ਬੇਗ਼ਾਨਿਆਂ ਦਾ ਸ਼ਹਿਰ,
ਤੂੰ ਵੀ ਮੇਰੇ ਵੱਲ ਵੇਖ ਕੇ ਪਟੱਕ ਬੂਹਾ ਢੋਇਆ।

ਜਿਵੇਂ ਸਿਖ਼ਰ ਦੁਪਹਿਰੇ ਪੈ ਜੇ ਚਾਣਚੱਕ ਰਾਤ,
ਤੇਰੇ ਜਾਣ ਪਿੱਛੋਂ ਸੱਚ ਜਾਣੀਂ ਏਸੇ ਤਰ੍ਹਾਂ ਹੋਇਆ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /73