ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———49———

ਬੇਚੈਨੀ ਵਿਚ ਤੜਫ਼ਦੇ ਰਾਤਾਂ ਬਹੁਤ ਗੁਜ਼ਾਰੀਆਂ।
ਤਾਂ ਹੀ ਮੱਥੇ ਚੀਸ ਹੈ, ਅੱਖਾਂ ਵੀ ਨੇ ਭਾਰੀਆਂ।

ਪੁੱਠੀ ਸੋਚ ਜਹਾਨ ਦੀ ਦੁਸ਼ਮਣ ਬਣ ਗਈ ਜਾਨ ਦੀ,
ਬਿਰਖ਼ ਵਿਚਾਰਾ ਕੀ ਕਰੇ ਜਣੇ ਖਣੇ ਹੱਥ ਆਰੀਆਂ।

ਪਾਣੀ ਚੜ੍ਹਿਆ ਵੇਖ ਕੇ ਪਿੱਛੇ ਮੁੜ ਗਏ ਕਾਫ਼ਲੇ,
ਛੱਡ ਗਏ ਕੱਲ-ਮੁਕੱਲਿਆਂ ਖੁਰੀਆਂ ਦਾਅਵੇਦਾਰੀਆਂ।

ਅੱਧੀ ਸਦੀ ਗੁਜ਼ਾਰ ਕੇ ਏਥੇ ਪਹੁੰਚੇ ਹਾਰ ਕੇ,
ਚੰਗੇ ਰਹਿੰਦੇ ਅਸੀਂ ਵੀ ਸਿੱਖਦੇ ਦੁਨੀਆਦਾਰੀਆਂ।

ਲੁਕਦਾ ਫਿਰਦਾਂ ਵੇਖ ਲਉ ਹੁਣ ਮੈਂ ਆਪਣੇ ਆਪ ਤੋਂ,
ਤਨ ਤੇ ਮਨ ਵਿਚ ਫ਼ਾਸਲੇ ਕੇਹੀਆਂ ਬੇਇਤਬਾਰੀਆਂ।

ਸੋਗ 'ਚ ਡੁੱਬੀ ਪੌਣ ਹੈ ਜਾਂ ਫਿਰ ਖ਼ਬਰੇ ਕੌਣ ਹੈ,
ਅੱਧੀ ਰਾਤੀਂ ਖੜਕਦੇ ਮਨ ਦੇ ਬੂਹੇ ਬਾਰੀਆਂ।

ਖ਼ਬਰੇ ਕਿੱਸਰਾਂ ਡੰਗਿਆ ਪਾਣੀ ਵੀ ਨਾ ਮੰਗਿਆ,
ਖਾਧਾ ਸਾਲਮ ਆਦਮੀ ਨਜ਼ਰਾਂ ਟੂਣੇਹਾਰੀਆਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /75