ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਚੀ ਉੱਚੀ ਬੋਲ ਰਿਹਾ ਏਂ, ਇਹ ਨਾ ਭੁੱਲੀਂ,
ਦਿਲ ਮਾਸੂਮ ਪਰਿੰਦਾ ਏਦਾਂ ਡਰ ਜਾਂਦਾ ਹੈ।

ਮਿਲ ਕੇ ਵੀ ਨਾ ਮਿਲਣਾ ਤੇਰਾ ਦੇਂਦਾ ਹੈ ਕੁਝ,
ਜਿਉਂ ਤਿਤਲੀ ਅੰਗਿਆਰ ’ਤੇ ਕੋਈ ਧਰ ਜਾਂਦਾ ਹੈ।

ਰੱਬਾ! ਰੱਬਾ! ਕੂਕਦਿਆਂ ਪਿੰਡ ਮਰ ਚੱਲੇ ਨੇ,
ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ।

ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ,
ਅਕਲ ਮਿਲੇ, ਲੱਕੜੀ ਬਿਨ ਲੋਹਾ ਤਰ ਜਾਂਦਾ ਹੈ।

ਦਿਲ ਨੂੰ ਏਨੀ ਦੌਲਤ ਵੀ ਨਾ ਬਖ਼ਸ਼ ਦਿਆ ਕਰ,
ਛੋਟਾ ਬਰਤਨ, ਕੰਡਿਆਂ ਤੀਕਰ ਭਰ ਜਾਂਦਾ ਹੈ।

ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ,
ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ।

ਡੋਲ ਰਿਹਾ ਮਨ ਟਿਕ ਜਾਂਦਾ ਮੈਂ ਕੀਕਣ ਦੱਸਾਂ,
ਤੇਰਾ ਇਕ ਧਰਵਾਸਾ ਕੀ ਕੁਝ ਕਰ ਜਾਂਦਾ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /80