ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———53———

ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।
ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,
ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।

ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ।

'ਅੱਤ’ ਨੂੰ 'ਅੰਤ’ ਬਣਾਵੇ ਆਖ਼ਰ ਕਹਿਰ ਖ਼ੁਦਾਈ,
ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ।

ਮਾਂ ਬੋਲੀ, ਮਾਂ ਜਣਨੀ, ਧਰਤੀ ਮਾਤਾ ਕੋਲੋਂ,
ਟੁੱਟ ਕੇ ਬੰਦਾ, ਮਰਦਾ ਮਰਦਾ ਮਰ ਜਾਂਦਾ ਹੈ।

ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ,
ਸਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ।

ਸੋਚ ਵਿਚਾਰਾਂ ਕਰਦਾ ਡੁੱਬਿਆਂ ਵੇਖ ਲਵੋ ਮੈਂ,
ਸੱਖਣਾ ਭਾਂਡਾ ਪਾਣੀ ਉੱਤੇ ਤੁਰ ਜਾਂਦਾ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /79