ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———52———

ਮੈਂ ਹਕੂਮਤ ਨੂੰ ਕਹਾਂਗਾ ਬੇਘਰਾਂ ਨੂੰ ਘਰ ਦਿਓ।
ਨੀਵੀਆਂ ਥਾਵਾਂ ਨੂੰ ਉੱਚੀਆਂ ਦੇ ਬਰਾਬਰ ਕਰ ਦਿਓ।

ਏਸ ਉੱਚੀ ਕੰਧ ਦੇ ਉਸ ਪਾਰ ਹੈ ਸੂਰਜ ਦਾ ਵਾਸ,
ਢਾਹ ਦਿਉ ਧੁੱਪ ਵਾਸਤੇ ਦੀਵਾਰ ਪਾਲੇ ਠਰਦਿਓ।

ਏਸ ਨੇ ਸਿੱਟੇ ਜੇ ਖਾਧੇ ਦਾਣੇ ਕਿਥੋਂ ਆਉਣਗੇ,
ਡਾਂਗ ਮਾਰੋ ਬਾਹਰ ਕੱਢੋ, ਸਾਨ੍ਹ ਕੋਲੋਂ ਡਰਦਿਓ।

ਸਬਰ ਇਸ ਤੋਂ ਬਾਅਦ ਕਿਧਰੇ ਨਾ ਬਣੇ ਆਦਤ ਜਹੀ,
ਜਾਬਰਾਂ ਨੂੰ ਭਾਂਜ ਦੇਵੋ, ਜਬਰ ਪਿੰਡੇ ਜਰਦਿਓ।

ਜੋ ਵੀ ਕਰਨਾ ਹੈ, ਕਰੋ ਅੱਜ ਹੀ, ਹੁਣੇ ਹੀ ਦੋਸਤੋ,
ਵਕਤ ਨਾ ਕਰਦਾ ਉਡੀਕਾਂ ਕਦਮ ਅੱਗੇ ਧਰ ਦਿਓ।

ਨਾ ਸਹੀ, ਜੇ ਕਦਰਦਾਨੀ, ਰੌਸ਼ਨੀ ਦੀ ਸ਼ਹਿਰ ਵਿਚ,
ਨ੍ਹੇਰੀਆਂ ਗਲੀਆਂ ’ਚ ਜਗ ਕੇ ਪਿੰਡ ਰੌਸ਼ਨ ਧਰ ਦਿਓ।

ਵੇਖਿਆ ਕਿੰਵ ਦਨਦਨਾਉਂਦੈ ਧਰਤ ਤੇ ਕਾਲਾ ਨਿਜ਼ਾਮ,
ਹੇ ਰਵੀ, ਹੈ ਚੰਦਰਮਾ, ਹੇ ਤਾਰਿਓ ਅੰਬਰ ਦਿਓ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /78