ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———55———

ਹੰਝੂਆਂ ਨਾਲ ਮੈਂ ਸੱਤੇ ਸਾਗਰ ਭਰ ਆਇਆ ਹਾਂ।
ਦਰਦ ਸੁਣਾ ਕੇ ਪਾਣੀ ਖਾਰੇ ਕਰ ਆਇਆ ਹਾਂ।

ਦੀਦ ਤੇਰੀ ਦੀ ਖ਼ਾਤਰ ਧਰਤ ਆਕਾਸ਼ ਵੀ ਗਾਹਿਆ,
ਹਸਰਤ ਦੇ ਦਰਿਆ ਨੂੰ ਵੀ ਮੈਂ ਤਰ ਆਇਆ ਹਾਂ।

ਜਿੱਤਣ ਵਾਲੀ ਰੀਝ ਬਣਾਵੇ ਬੰਦਿਓਂ ਘੋੜਾ,
ਏਸੇ ਕਰਕੇ ਜਿੱਤੀ ਬਾਜ਼ੀ ਹਰ ਆਇਆ ਹਾਂ।

ਪੀਰ ਫ਼ਕੀਰ ਧਿਆਏ, ਜੋ ਵੀ ਰਾਹ ਵਿਚ ਆਏ,
ਹੁਣ ਤਕ ਜੋ ਨਾ ਕੀਤਾ, ਉਹ ਵੀ ਕਰ ਆਇਆ ਹਾਂ।

ਚੂਰੀ ਵਾਲੇ ਪਿੰਜਰੇ ਦੁਸ਼ਮਣ ਵੰਨ-ਸੁਵੰਨੇ,
ਸ਼ੁਕਰ ਮਨਾ ਮੈਂ, ਸਾਬਤ ਮੁੜ ਕੇ ਘਰ ਆਇਆ ਹਾਂ।

ਠੀਕਰ ਹੋ ਕੇ ਟੁੱਟਿਆਂ, ਜੁੜਿਆਂ, ਸਾਬਤ ਮੁੜਿਆਂ,
ਤੇਰੇ ਦਮ ਤੇ ਕਿੰਨੇ ਸਦਮੇ ਜਰ ਆਇਆ ਹਾਂ।

ਜਿਥੇ ਆਪਾਂ ਦੋਵੇਂ ਪਹਿਲੀ ਵਾਰ ਮਿਲੇ ਸੀ,
ਓਸ ਜਗ੍ਹਾ ਚੌਮੁਖੀਆ ਦੀਵਾ ਧਰ ਆਇਆ ਹਾਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /82