ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———56———

ਤੂੰ ਉਮੀਦਾਂ ਨੂੰ ਹਮੇਸ਼ਾ ਨਾਲ ਰੱਖੀਂ।
ਨ੍ਹੇਰੀਆਂ ਗਲੀਆਂ 'ਚ ਦੀਵਾ ਬਾਲ ਰੱਖੀਂ।

ਜੇ ਉਡਾਰੀ ਭਰਨ ਲੱਗੈਂ, ਅਰਸ਼ ਵੱਲ ਤਾਂ,
ਪਿੰਡ ਦਾ ਚੇਤਾ ਵੀ ਨਾਲੋ ਨਾਲ ਰੱਖੀਂ।

ਤੂੰ ਕਦੇ ਵੀ ਤੇਜ਼ ਦੌੜਨ ਦਾ ਨਾ ਸੋਚੀਂ,
ਜਿੱਤ ਜਾਵੇਂਗਾ, ਤੂੰ ਇਕੋ ਚਾਲ ਰੱਖੀਂ।

ਨੇਰ੍ਹਿਆਂ ਤੋਂ ਤੂੰ ਡਰੀਂ ਨਾ ਰਾਤ ਵੇਲੇ,
ਚੇਤਿਆਂ ਵਿਚ ਤਾਰਿਆਂ ਦਾ ਬਾਲ ਰੱਖੀਂ।

ਠਰਨਗੇ ਜਜ਼ਬੇ ਜਦੋਂ ਵੀ ਦੂਰ ਜਾ ਕੇ,
ਦਿਲ ਦੇ ਅੰਦਰ ਯਾਦ ਮੇਰੀ ਬਾਲ ਰੱਖੀਂ।

ਸੁਣਨਗੇ ਤੈਨੂੰ ਨਿਰੰਤਰ ਲੋਕ ਸਾਰੇ,
ਬੋਲ ਸੁੱਚੇ ਤੇ ਸਹੀ ਸੁਰ ਤਾਲ ਰੱਖੀ।

ਪਹੁੰਚ ਜਾਵੇਂਗਾ ਤੂੰ ਆਪੇ ਸਿਖ਼ਰ ਉੱਤੇ,
ਸਿਰਫ਼ ਨੀਂਦਰ ਅੱਖੀਆਂ 'ਚੋਂ ਟਾਲ ਰੱਖੀਂ।

ਕੱਚ ਦੇ ਟੋਟੇ ਕਦੇ ਰੱਖੀਂ ਨਾ ਘਰ ਵਿਚ,
ਸੱਚ ਦੇ ਹੀਰੇ ਨੂੰ ਛਾਤੀ ਨਾਲ ਰੱਖੀਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /83