ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———57———

ਅਕਲਾਂ ਦਾ ਇਹ ਭਰਮ ਜਖ਼ੀਰਾ ਅਪਣੇ ਪੱਲੇ ਰਹਿਣ ਦਿਉ।
ਫੱਕਰ ਨੂੰ ਵੀ ਬੋਲਣ ਦੇਵੋ, ਸੱਚੇ ਨੂੰ ਸੱਚ ਕਹਿਣ ਦਿਉ।

ਇਹ ਦੱਸੇਗਾ ਹੋਈ ਬੀੜੀ, ਜੋ ਜੋ ਇਸ ਦੇ ਨਾਲ ਪਿਛਾਂਹ,
ਫੇਰ ਤੁਰੇਗਾ ਨਾਲ ਤੁਹਾਡੇ ਕੁਝ ਪਲ ਲਾਗੇ ਬਹਿਣ ਦਿਉ।

ਇਸ ਜੰਗਲ ਦਾ 'ਨੇਰ੍ਹਾ ਮੇਟਣ ਤੋਂ ਨਾ ਮੈਨੂੰ ਰੋਕੋ ਹੁਣ,
ਬਾਂਸ ਲੁਕਾਈ ਬੈਠੇ ਅਗਨੀ, ਇਨ੍ਹਾਂ ਦੇ ਸੰਗ ਖਹਿਣ ਦਿਉ।

ਤਲਖ਼ ਗ਼ਮਾਂ ਦੀ ਤੇਜ਼ ਹਨੇਰੀ, ਵਗਦੀ ਵਗਦੀ ਰੁਕ ਜਾਣੀ,
ਹੰਝੂਆਂ ਦੀ ਬਰਸਾਤ ਵਰ੍ਹੀ ਹੈ, ਧੂੜਾਂ ਥੱਲੇ ਬਹਿਣ ਦਿਉ।

ਵਸਲਾਂ ਦੀ ਪਰਿਕਰਮਾ ਕਰਦੇ ਕਿੰਨੀ ਉਮਰ ਗੁਜ਼ਾਰ ਲਈ,
ਹਿਜਰਾਂ ਵੇਲੇ ਕੱਲ੍ਹਿਆਂ ਛੱਡੋ, ਇਹ ਤਲਖ਼ੀ ਖ਼ੁਦ ਸਹਿਣ ਦਿਉ।

ਦਰਿਆ ਵਾਂਗੂੰ ਸਫ਼ਰ ਨਿਰੰਤਰ, ਜੀਵਨ ਵਿਚ ਰਫ਼ਤਾਰ ਭਰੋ,
ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿਧਰ ਵਹਿੰਦੈ ਵਹਿਣ ਦਿਉ।

ਦਿਲ-ਛਤਰੀ ਤੇ ਆਸ ਕਬੂਤਰ ਚਾਹੁੰਦੇ ਨੇ ਸੁਸਤਾਉਣਾ ਜੇ,
ਮਾਰ ਗੁਲੇਲ ਉਡਾਵੋ ਨਾ ਹੁਣ, ਬਹਿੰਦੇ ਨੇ ਤਾਂ ਬਹਿਣ ਦਿਉ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /84