ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———60———

ਧਰਤ ਬੇਗ਼ਾਨੀ, ਨਾ ਕੋਈ ਮੈਨੂੰ, ਲੈ ਕੇ ਨਾਮ ਬੁਲਾਵੇ।
ਏਸੇ ਕਰਕੇ ਮਨ ਦਾ ਚੰਬਾ, ਖਿੜੇ ਨਹੀਂ, ਮੁਰਝਾਵੇ।

ਖੁੱਲ੍ਹੀਆਂ ਭੁੱਲ੍ਹੀਆਂ ਸੜਕਾਂ ਏਥੇ, ਲੰਮ ਸਲੰਮੇ ਪੈਂਡੇ,
ਏਥੋਂ ਇਕ ਵੀ ਸੜਕ ਸਲੇਟੀ, ਸਾਡੇ ਪਿੰਡ ਨਾ ਜਾਵੇ।

ਰੇਸ ਕੋਰਸੀਂ ਸਰਪਟ ਦੌੜਨ, ਅੱਥਰੇ ਘੋੜੇ ਵੇਖੋ,
ਥੈਲੀ ਸ਼ਾਹ ਕਿਉਂ ਜੇਤੂ ਬਣਦੇ, ਜਦੋਂ ਨਤੀਜਾ ਆਵੇ?

ਪਿੰਡ ਜਾ ਕੇ ਚੰਨ ਚੜ੍ਹਿਆ, ਕੋਠੇ ਬਹਿ ਕੇ ਤੱਕਣਾ ਚਾਹਾਂ,
ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ।

ਵੰਨ ਸੁਵੰਨੇ ਬਿਰਖ ਬਰੂਟੇ, ਫੁੱਲ ਪੱਤੀਆਂ ਖ਼ੁਸ਼ਬੋਈਆਂ,
ਸਭ ਕੁਝ ਹੁੰਦਿਆਂ ਸੁੰਦਿਆਂ, ਚੇਤੇ ਆਉਂਦੇ ਨੇ ਅੰਬ ਸਾਵੈ।

ਕੱਲ-ਮੁ-ਕੱਲੇ ਚੂੜੇ ਡੁਸਕਣ, ਸੱਖਣੇ ਪਲੰਘ ਪੰਘੂੜੇ,
ਕਿਸ਼ਤਾਂ ਵਿਚ ਤਕਸੀਮ ਦਿਹਾੜੀ ਨੀਂਦ ਕਿਸ ਤਰ੍ਹਾਂ ਆਵੈ।

ਤੁਸੀਂ ਕਹੋਗੇ 'ਮਨ ਦਾ ਰੋਗੀ' ਪਤਾ ਨਹੀਂ ਕੀ ਬੋਲੇ,
ਐਪਰ ਕਰਕ ਕਲੇਜੇ ਵਾਲੀ ਕਿਹੜਾ ਵੈਦ ਸੁਣਾਵੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /87