ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———59———

ਬਹੁਤ ਬਣਦੇ ਯਾਰ ਅੱਜ ਕੱਲ੍ਹ ਮਹਿਫ਼ਲਾਂ ਵਿਚ।
ਲੱਭਣੇ ਸੌਖੇ ਨਹੀਂ ਉਹ ਮੁਸ਼ਕਿਲਾਂ ਵਿਚ।

ਰੇੜਲੇ ਪੈਂਡੇ ਸੁਕਾਉਂਦੇ ਸਾਹ ਨੇ ਮੇਰੇ,
ਤੂੰ ਸਵਾਂਤੀ ਬੂੰਦ ਬਣ ਕੇ ਮਿਲ ਥਲਾਂ ਵਿਚ।

ਛਾਂਗ ਲੈ, ਪਰ ਜੜ੍ਹ ਸਲਾਮਤ ਰਹਿਣ ਦੇਵੀਂ,
ਹੋਊ ਮੈਂ ਹਰਿਆਵਲਾ ਵੇਖੀਂ ਪਲਾਂ ਵਿਚ।

ਤੂੰ ਨਦੀ ਵਿਚ ਵਹਿ ਰਹੇ ਪਾਣੀ ਨੂੰ ਵੇਖੀ,
ਖੇਡਦਾ ਕਿੱਦਾ ਏ ਆਪੇ ਕਲਵਲਾਂ ਵਿਚ।

ਐ ਮੁਹੱਬਤ! ਇਹ ਤੇਰਾ ਅੰਦਾਜ਼ ਕੀ ਏ,
ਗਰਕਦਾ ਜਾਂਦਾ ਹਾਂ ਮੈਂ ਹੀ ਦਲਦਲਾਂ ਵਿਚ।

ਕਾਫ਼ਲੇ ਨੂੰ ਬਹਿਣ ਨਾ ਦੇਹ, ਤੋਰ ਅੱਗੇ,
ਨੀਂਦ ਸ਼ਾਮਲ ਨਾ ਹੋ ਜਾਵੇ ਹਲਚਲਾਂ ਵਿਚ।

ਭੇਡ ਵਾਂਗੂੰ ਇਹ ਮਿਆਂਕਣ ਸਿੱਖ ਜਾਊ,
ਸ਼ੇਰ ਬਹਿਣੀ ਬਹਿ ਗਿਆ ਜੇ ਬੁਜ਼ਦਿਲਾਂ ਵਿਚ।

ਮਨਫ਼ੀਆਂ ਵੰਗਾਰ ਜੇਕਰ ਬਣਦੀਆਂ ਨਾ,
ਤੂੰ ਕਦੋਂ ਹੋਣਾ ਸੀ ਮੇਰੇ ਹਾਸਲਾਂ ਵਿਚ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /86