ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———62———

ਬਿਰਧ ਸਰੀਰ, ਬੇਗ਼ਾਨੀ ਧਰਤੀ, ਰਹਿ ਗਏ ਕੱਲ-ਮ-ਕੱਲੇ।
ਖੱਟੀ ਖੱਟਣ ਆਏ ਸੀ ਪਰ, ਖ਼ਾਲੀ ਹੋ ਗਏ ਪੱਲੇ।

ਹਰ ਵੇਲੇ ਇਹ ਸੂਲ ਕਲੇਜੇ ਅੰਦਰ ਧਸਦੀ ਜਾਵੇ,
ਪੁੱਤ ਪੋਤਰੇ ਦੱਸਦੇ ਹੀ ਨਹੀਂ, ਆਏ ਕਿਥੋਂ ਚੱਲੇ।

ਘਰ ਬਨਵਾਸੀ, ਅਜਬ ਉਦਾਸੀ, ਮਨ ਮੰਦਰ ਦੇ ਵਿਹੜੇ,
ਇਕਲਾਪੇ ਦੀ ਲੜੇ ਦੋਮੂੰਹੀਂ, ਚੜ੍ਹ ਚੜ੍ਹ ਕਰਦੀ ਹੱਲੇ।

ਸਭ ਕੁਝ ਹੁੰਦਿਆਂ ਸੁੰਦਿਆਂ ਏਥੇ, ਹਰ ਪਲ ਝੋਰਾ ਖਾਵੇ,
ਚਾਅ ਤੇ ਖ਼ੁਸ਼ੀਆਂ ਚੱਟ ਗਏ ਨੇ ਰੂਹ ਦੇ ਰੋਗ ਅਵੱਲੇ।

ਪਿੰਡ ਗਿਆਂ ਤੇ ਕੌਣ ਪਛਾਣੇ, ਨਾ ਚਾਚਾ ਨਾ ਤਾਇਆ,
ਚੌਂਕ ਚੁਰਸਤੇ, ਗਲੀਆਂ ਕੂਚੇ, ਸ਼ੀਹਾਂ ਪੱਤਣ ਮੱਲੇ।

ਰੂਹ ਨੂੰ ਨਹੀਂ ਤਸੱਲੀ ਦੇਂਦੇ ਸੋਨਾ, ਹੀਰੇ, ਮੋਤੀ,
ਜੋ ਦੇਂਦੇ ਸੀ ਆਪ ਬਣਾਏ ਘਾਹ ਦੀ ਤਿੜ ਦੇ ਛੱਲੇ।

ਗੋਰੀ ਧਰੜੀ, ਕੋਰੇ ਰਿਸ਼ਤੇ, ਰੀਝ ਦਿਲੇ ਵਿਚ ਇਕੋ,
ਪੁੱਤਰ ਸਾਡਾ ਅਸਥ ਅਖ਼ੀਰੀ, ਕੀਰਤਪੁਰ ਨੂੰ ਘੱਲੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /89