ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———63———

ਐਟਮ ਦਾ ਵਣਜ ਕਰਦੇ, ਘੁੱਗੀਆਂ ਉਡਾ ਰਹੇ ਨੇ।
ਮਕਤਲ 'ਚੋਂ ਗੀਤ ਗਾਉਂਦੇ, ਇਹ ਕੌਣ ਜਾ ਰਹੇ ਨੇ।

ਸਾਡਾ ਵਿਕਾਸ ਕਹਿ ਕੇ, ਕਰਦੇ ਵਿਨਾਸ਼ ਨਿਸ ਦਿਨ,
ਇਹ ਮੰਡੀਆਂ ਦੇ ਤਾਜਰ, ਕੀ ਗੁਲ ਖਿਲਾ ਰਹੇ ਨੇ।

ਸਾਡੇ ਘਰਾਂ ਦੇ ਮੱਥੇ, ਦਹਿਸ਼ਤ-ਨਿਵਾਸ ਲਿਖ ਕੇ,
ਸੁੱਤੇ ਅੰਗਾਰਿਆਂ ਨੂੰ ਇਹ ਕਿਉਂ ਜਗਾ ਰਹੇ ਨੇ।

ਦਾਨਵ ਦੇ ਨਾਲ ਮਾਨਵ ਸਦੀਆਂ ਤੋਂ ਖਹਿ ਰਿਹਾ ਸੀ,
ਹੁਣ ਇਕੋ ਵੇਸ ਪਾ ਕੇ ਇਹ ਕੌਣ ਆ ਰਹੇ ਨੇ।

ਸਾਡੇ ਮਨਾਂ ਦੇ ਅੰਦਰ, ਹੁਣ ਅਜਬ ਖਲਬਲੀ ਹੈ,
ਸੀਤਲ ਸਰੋਵਰਾਂ ਨੂੰ, ਇਹ ਕੌਣ ਤਾਅ ਰਹੇ ਨੇ।

ਸੁਣਦੇ ਨਾ ਰੁਦਨ ਮਨ ਦਾ, ਡਾਲਰ ਦੀ ਛਣਕ ਸੁਣਦੇ,
ਕਿੰਜ ਕਹੀਏ ਗ਼ਾਫ਼ਿਲਾਂ ਨੂੰ, ਉਹ ਕੀ, ਗੁਆ ਰਹੇ ਨੇ।

ਧਰੜੀ ਵੀਰਾਨ ਕਰਕੇ, ਸ਼ਾਤਰ ਦਿਮਾਗ਼ ਵਾਲੇ,
ਵਿਗਿਆਨ ਦੇ ਬਹਾਨੇ, ਮੰਗਲ ਨੂੰ ਜਾ ਰਹੇ ਨੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /90