ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———64———

ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ।
ਤੁਰਦੀ ਤੁਰਦੀ ਬਾਤ ਵਿਚਾਰੀ ਅੱਧ ਵਿਚ ਰਹਿ ਗਈ ਏ।

ਮੀਟ ਲਵਾਂ ਜੋ ਅੱਖੀਆਂ ਅੱਗੇ ਤਾਰੇ ਤੁਰਦੇ ਨੇ,
ਖੋਲ੍ਹਾਂ ਤਾਂ ਫਿਰ ਜਾਪੇ ਡਾਰ ਹਵਾ ਵਿਚ ਛਹਿ ਗਈ ਏ।

ਸਿਰ ਤੇ ਪੈਰ ਗੁਆਚ ਗਏ ਧੜ ਲੱਭਦਾ ਫਿਰਦਾ ਹੈ,
ਮੋਮੀ ਜਿਸਮ ਦੇ ਨਾਲ ਅਗਨ ਜਿਉਂ ਨੇੜਿਓਂ ਖਹਿ ਗਈ ਏ।

ਆਪਣੀ ਧੜਕਣ ਰੋਕੀਂ, ਮੈਨੂੰ ਫਿਰ ਮਹਿਸੂਸ ਕਰੀਂ,
ਖ਼ੁਸ਼ਬੂ ਜਾਂਦੀ ਜਾਂਦੀ, ਮੇਰੇ ਕੰਨ ਵਿਚ ਕਹਿ ਗਈ ਏ।

ਤੇਜ਼ ਹਵਾ ਦੇ ਬੁੱਲ੍ਹੇ ਅੱਗੇ ਘੁੰਮਣਘੇਰ ਜਿਵੇਂ,
ਜਿੰਦ ਮਿੱਟੀ ਦੀ ਢੇਰੀ ਏਦਾਂ ਪਲ ਵਿਚ ਢਹਿ ਗਈ ਏ।

ਤੇਜ਼ ਤੁਫ਼ਾਨ ਦੇ ਸਾਹਵੇਂ ਰੁੱਖ ਸਭ ਡਿੱਗ ਪਏ ਨੇ, ਪਰ,
ਤੇਰੇ ਦਮ ਤੇ ਜਿੰਦ ਮੇਰੀ ਸਭ ਸਦਮੇ ਸਹਿ ਗਈ ਏ।

ਸ਼ੁਕਰ ਮਨਾਵਾਂ ਤੇਰਾ ਜਿੰਦੇ ਕਿੰਜ ਧੰਨਵਾਦ ਕਰਾਂ,
ਦੋਚਿੱਤੀ ਕਲਮੂੰਹੀਂ ਜਿਹੜੀ ਮਗਰੋਂ ਲਹਿ ਗਈ ਏ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /91