ਇਹ ਸਫ਼ਾ ਪ੍ਰਮਾਣਿਤ ਹੈ
65
ਰੀਝ ਕਦੇ ਵੀ ਦਿਲ ਤੇ ਉੱਤੇ ਭਾਰ ਨਹੀਂ ਹੁੰਦੀ।
ਇਸ ਦੀ ਕੀਮਤ ਕਮਦਿਲਿਆ ਤੋਂ ਤਾਰ ਨਹੀਂ ਹੁੰਦੀ।
ਐਸੀ ਕਾਵਿ-ਕਿਤਾਬ ਬੇਅਰਥਾ ਸ਼ਬਦੀ ਜੰਗਲ ਹੈ,
ਜਿਸ ਨੂੰ ਪੜ੍ਹ ਕੇ ਦਿਲ ਵਿਚ ਹਾਹਾਕਾਰ ਨਹੀਂ ਹੁੰਦੀ।
ਬਾਜ਼ ਉਡਾਰੀ ਭਰਦਾ, ਤਰਦਾ ਉੱਚੇ ਅੰਬਰੀਂ ਵੇਖ,
ਸੂਰਮਿਆਂ ਦੀ ਧਰਤੀ ਉੱਤੇ ਵਾਹਰ ਨਹੀਂ ਹੁੰਦੀ।
ਸ਼ੇਰ ਦਹਾੜੇ ਜੰਗਲ ਅੰਦਰ ਕੱਲ-ਮ-ਕੱਲਾ ਵੇਖ,
ਨਿਰਭਉ ਮਨ ਦੇ ਅੰਦਰ ਬੈਠੀ ਗਾਰ ਨਹੀਂ ਹੁੰਦੀ।
ਰੱਤ ਦੇ ਛਿੱਟੇ ਪੂੰਝ ਰਿਹਾ ਏਂ ਰੱਤ ਦੇ ਨਾਲ ਕਿਓਂ,
ਅਗਨ ਅਗਨ ਦੇ ਨਾਲ ਕਦੇ ਵੀ ਹਾਰ ਨਹੀਂ ਹੁੰਦੀ।
ਤੇਰਾ ਨੂਰ ਇਲਾਹੀ ਮੇਰੇ ਅੰਦਰ ਜਗਦਾ ਹੈ,
ਰੂਹ ਤੋਂ ਰੂਹ ਵਿਚਕਾਰ ਕਦੇ ਵੀ ਤਾਰ ਨਹੀਂ ਹੁੰਦੀ।
ਇਕੋ ਵਾਰ ਪਰਖ਼ ਲੈ ਮੇਰੇ ਸਿਦਕ ਸਬੂਤੇ ਨੂੰ,
ਵਾਰੀ ਵਾਰੀ ਇਹ ਜ਼ਿੰਦਗਾਨੀ ਵਾਰ ਨਹੀਂ ਹੁੰਦੀ।
ਆਪਣਿਆਂ ਦੇ ਹੱਥਾਂ ਵਿਚ ਗੁਲਦਸਤੇ ਹੁੰਦੇ ਨੇ,
ਸੱਜਣਾਂ ਦੇ ਹੱਥ ਦੋਧਾਰੀ ਤਲਵਾਰ ਨਹੀਂ ਹੁੰਦੀ।
*
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /92