ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———66———

ਗ਼ਜ਼ਲ ਕਾਹਦੀ ਕਿ ਜਿਸ ਨੂੰ ਸੁਣ ਕੇ ਦਿਲ ਸਰਸ਼ਾਰ ਨਾ ਹੋਵੇ।
ਕਰੇ ਪਰਵਾਜ਼ ਬਿਨ ਖੰਭਾਂ ਤੋਂ, ਅੰਬਰ ਪਾਰ ਨਾ ਹੋਵੇ।

ਹਿਸਾਬੀ ਤੇ ਕਿਤਾਬੀ ਜ਼ਿੰਦਗੀ ਵਾਲੇ ਨਾ ਇਹ ਜਾਨਣ,
ਹਮੇਸ਼ਾਂ ਦੋ 'ਚ ਦੋ ਜੋੜਨ ਦਾ ਉੱਤਰ ਚਾਰ ਨਾ ਹੋਵੇ।

ਜਿੰਨ੍ਹਾਂ ਹਰ ਸਾਲ ਲੀਲ੍ਹਾ ਕਰਦਿਆਂ ਉਮਰਾ ਗੁਆ ਦਿੱਤੀ,
ਉਨ੍ਹਾਂ ਤੋਂ ਰੂਹ 'ਚ ਬੈਠਾ ਇਕ ਰਾਵਣ ਮਾਰ ਨਾ ਹੋਵੇ।

ਅਸੀਂ ਸ਼ਬਦਾਂ ਹਵਾਲੇ ਵੇਦਨਾ ਕਰੀਏ ਤੇ ਕਿਓਂ ਮਰੀਏ,
ਜੇ ਤਿਤਲੀ ਮਰਨ ਦਾ ਰੂਹਾਂ ਦੇ ਉੱਤੇ ਭਾਰ ਨਾ ਹੋਵੇ।

ਤੁਸੀਂ ਜੇਤੂ ਸਿਕੰਦਰ ਹੋ, ਪਰ ਇਹ ਵੀ ਬਾਤ ਨਾ ਭੁੱਲਿਓ,
ਕਦੇ ਵੀ ਜਿੱਤ ਨਾ ਦੇਵੇ ਮਜ਼ਾ ਜੇ ਹਾਰ ਨਾ ਹੋਵੇ।

ਬੜਾ ਹੰਕਾਰਿਆ, ਕਾਮੀ, ਕ੍ਰੋਧੀ ਨਾਗ ਲਾਲਚ ਦਾ,
ਹਜ਼ਾਰਾਂ ਵਾਰ ਚਾਹ ਕੇ ਵੀ ਇਹ ਮੈਥੋਂ ਮਾਰ ਨਾ ਹੋਵੇ।

ਤੁਸੀਂ ਗੱਤੇ ਨੂੰ ਭਾਵੇਂ ਲਿਸ਼ਕਣੇ ਵਰਕੀਂ ਸਜਾ ਲੈਣਾ,
ਕੋਈ ਕਿਰਪਾਨ ਨਹੀਂ ਕਹਿੰਦਾ ਜੇ ਤਿੱਖੀ ਧਾਰ ਨਾ ਹੋਵੇ।

ਮੈਂ ਆਪਣੇ ਆਪ ਨੂੰ ਵੇਖਾਂ ਤਾਂ ਦੱਸੋ ਕਿਸ ਤਰ੍ਹਾਂ ਵੇਖਾਂ,
ਜੇ ਮੇਰੇ ਮਨ ਦਾ ਸ਼ੀਸ਼ਾ ਰੂਹ ਦੇ ਅੰਦਰਵਾਰ ਨਾ ਹੋਵੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /93