ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———67———

ਉਦੋਂ ਤੀਕਰ ਨਹੀਂ ਸੌਣਾ ਜਦੋਂ ਤਕ ਰਾਤ ਬਾਕੀ ਹੈ।
ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ।

ਨਹੀਂ ਹੋਣਾ ਕਦੇ ਨੀਵਾਂ ਇਹ ਪਰਚਮ ਹੱਕ ਤੇ ਸੱਚ ਦਾ,
ਜਦੋਂ ਤਕ ਧਰਤ ਉੱਤੇ ਇਕ ਵੀ ਸੁਕਰਾਤ ਬਾਕੀ ਹੈ।

ਹਨ੍ਹੇਰਾ ਇਹ ਡਰਾਉਣਾ ਤਾਂ ਹੈ ਕੁਝ ਪਲ ਦਾ ਪ੍ਰਾਹੁਣਾ ਹੀ,
ਇਹਦੀ ਬੁੱਕਲ 'ਚੋਂ ਆਪਾਂ ਲੱਭਣੀ ਪ੍ਰਭਾਤ ਬਾਕੀ ਹੈ।

ਲੰਮੇਰੇ ਯੁੱਧ ਅੰਦਰ ਯਾਦ ਰੱਖਣਾ ਹੈ ਜ਼ਰੂਰੀ ਇਹ,
ਸਦੀਵੀ ਜਿੱਤ ਖ਼ਾਤਰ ਦੁਸ਼ਮਣਾਂ ਨੂੰ ਮਾਤ ਬਾਕੀ ਹੈ।

ਉਦੋਂ ਤਕ ਸੂਲੀਆਂ ਤੇ ਸੱਚ ਖ਼ਾਤਰ ਲਟਕਣਾ ਪੈਣੈਂ,
ਜਦੋਂ ਤਕ ਧਰਤ ਉੱਤੇ ਕਾਤਲਾਂ ਦੀ ਜ਼ਾਤ ਬਾਕੀ ਹੈ।

ਹਨੇਰੇ ਘਰ 'ਚ ਜਨਮੇ ਨੂਰ ਲਈ ਸਦੀਆਂ ਤੋਂ ਤਰਸੇ ਜੋ,
ਉਨ੍ਹਾਂ ਨੂੰ ਜ਼ਿੰਦਗੀ ਦੀ ਜੀਣ ਜੋਗੀ ਝਾਤ ਬਾਕੀ ਹੈ।

ਅਸਾਡੇ ਪੁਰਖਿਆਂ ਨੂੰ ਫਾਂਸੀਆਂ ਤੇ ਸੂਲੀਆਂ ਮਿਲੀਆਂ,
ਤੇਰੀ ਝੋਲੀ 'ਚ ਦੱਸੀਂ ਹੋਰ ਕੀਹ ਖ਼ੈਰਾਤ ਬਾਕੀ ਹੈ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /94