ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———69———

ਵੀਹਵੀਂ ਸਦੀ ਗੁਜ਼ਾਰਨ ਮਗਰੋਂ ਬੰਦੇ ਦੇ ਤੂੰ ਕਾਰੇ ਵੇਖ।
ਸ਼ਹਿਰ ਵਸਾਉਣ ਦੀ ਖ਼ਾਤਰ ਲਾਏ, ਜੰਗਲ ਦੇ ਵਿਚ ਆਰੇ ਵੇਖ।

ਦਰਦ ਮਿਰੇ ਦੀ ਹਾਥ ਪਾਉਣ ਲਈ, ਲੰਘੀਂ ਰੂਹ ਦੇ ਦਵਾਰ ਜ਼ਰੂਰ,
ਟੁੱਟਦੇ ਤਾਰੇ ਦੀ ਅੱਖ ਵਿਚੋਂ, ਅੱਥਰੂ ਮਣ ਮਣ ਭਾਰੇ ਵੇਖ।

ਨਿਰਮਲ ਨੀਰ ਚਸ਼ਮਿਓਂ ਤੁਰਦਾ, ਰਾਹ ਵਿਚ ਮੈਲਾ ਕਰਦਾ ਕੌਣ,
ਹੁਕਮ ਹਕੂਮਤ ਨੌਕਰਸ਼ਾਹੀ, ਕੀਤੇ ਸਾਗਰ ਖ਼ਾਰੇ ਵੇਖ।

ਕਾਲੀ ਰਾਤ ਹਨ੍ਹੇਰੀ ਫਿਰ ਵੀ, ਲੀਕ ਸੁਨਹਿਰੀ ਵਾਹ ਜਾਂਦੇ,
ਜੁਗਨੂੰ, ਅੰਬਰੀਂ ਪੈਲਾਂ ਪਾਉਂਦੇ, ਭਰਦੇ ਕਿਵੇਂ ਹੁੰਗਾਰੇ ਵੇਖ।

ਧੁੱਪਾਂ ਛਾਵਾਂ ਸੌ 'ਚੋਂ ਅੱਸੀ ਲੋਕਾਂ ਤੀਕ ਨਾ ਪਹੁੰਚਦੀਆਂ,
ਮਹਿਲਾਂ ਵਾਲਿਆ! ਅੱਗ ਬਗੂਲੇ, ਤੂੰ ਵੀ ਕੁੱਲੀਆਂ ਢਾਰੇ ਵੇਖ।

ਮੱਥੇ ਵਿਚ ਲਿਆਕਤ, ਡੌਲਿਆਂ ਅੰਦਰ ਮੱਛੀਆਂ ਸਹਿਕਦੀਆਂ,
ਏਸ ਨਸਲ ਦੀ ਅੱਖ 'ਚ ਬਲਦੇ, ਸੂਹੇ ਸੁਰਖ਼ ਅੰਗਾਰੇ ਵੇਖ।

ਤੇਰਾ ਸੂਚਕ ਅੰਕ ਵਿਖਾਏ ਘੜੀ ਮੁੜੀ ਜਿਸ ਭਾਰਤ ਨੂੰ,
ਉਸ ਦੀ ਚਮਕ ਬੁਝਾ ਦਿੱਤੇ ਨੇ ਅੰਬਰ ਵਿਚਲੇ ਤਾਰੇ ਵੇਖ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /96