ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

———70———

ਯਾਦਾਂ ਵਾਲੇ ਉੱਡਣੇ ਪੰਛੀ, ਜਦ ਵਿਹੜੇ ਵਿਚ ਆ ਜਾਂਦੇ ਨੇ।
ਉੱਡਦੇ ਬਹਿੰਦੇ, ਚੁੱਪ ਚੁਪੀਤੇ, ਦਿਲ ਦੀ ਤਾਰ ਹਿਲਾ ਜਾਂਦੇ ਨੇ।

ਬਸਤਾ ਇਕ ਬੈਠਣ ਲਈ ਬੋਰੀ, ਸਭ ਕੁਝ ਮੋਢੇ ਤੇ ਟਿਕ ਜਾਵੇ,
ਜਦੋਂ ਜਮਾਤੀਂ ਪੰਜਵੀਂ ਵਾਲੇ, ਹੁਣ ਵੀ ਚੇਤੇ ਆ ਜਾਂਦੇ ਨੇ।

ਪੂੰਝੇ ਸਣੇ ਸਲੇਟ ਤਖ਼ਤੀਆਂ, ਕਲਮ ਦਵਾਤ ਸਿਆਹੀ ਸਭ ਕੁਝ,
ਵਿੰਗੇ ਟੇਢੇ ਊੜੇ ਐੜੇ, ਰੂਹ ਮੇਰੀ ਨਸ਼ਿਆ ਜਾਂਦੇ ਨੇ।

ਦੋ ਦੋ ਗੁੱਤਾਂ ਫੁੱਲਾਂ ਵਾਲੀਆਂ ਕੂੰਜਾਂ ਕਿੱਥੇ ਉੱਡ ਗਈਆਂ ਨੇ,
ਭਾਵੇਂ ਉਨ੍ਹਾਂ ਪਿੰਡਾਂ ਵੱਲ ਨੂੰ, ਅਜੇ ਪੁਰਾਣੇ ਰਾਹ ਜਾਂਦੇ ਨੇ।

ਚਾਕੂ ਨਾਲ ਕਲਮ ਨੂੰ ਘੜ ਕੇ ਜਿਵੇਂ ਗਿਆਨੀ ਜੀ ਸੀ ਲਿਖਦੇ,
ਪੈਂਤੀ ਅੱਖਰ ਜਗਦੇ ਬੁਝਦੇ, ਹੁਣ ਵੀ ਰਾਹ ਰੁਸ਼ਨਾ ਜਾਂਦੇ ਨੇ।

ਅੰਗਰੇਜ਼ੀ ਦੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ,
ਇਨ੍ਹਾਂ ਬਦਲੇ ਖਾਧੀ ਕੁੱਟ ਦੇ, ਚੇਤੇ ਕੰਬਣੀ ਲਾ ਜਾਂਦੇ ਨੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /97