ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿਚੋਂ ਖ਼ਾਰਜ ਰੱਖਿਐ,
ਏਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ।

ਛੱਪੜ ਕੰਢੇ ਪੋਚ ਕੇ ਫੱਟੀਆਂ, ਸੂਰਜ ਕੋਲੋਂ ਧੁੱਪਾਂ ਮੰਗਦੇ,
ਮੁੰਡੇ ਕੁੜੀਆਂ ਚੇਤੇ ਆ ਕੇ, ਉਮਰ ਥਕੇਵਾਂ ਲਾਹ ਜਾਂਦੇ ਨੇ।

ਅਪਣੇ ਘਰ ਤੋਂ ਪਰਦੇਸਾਂ ਤਕ, ਰੁਲ ਗਏ ਊੜੇ ਜੂੜੇ ਸਾਰੇ,
ਵੇਖਣ ਨੂੰ ਜੋ ਜੁਗਨੂੰ ਲੱਗਦੇ, ਚਿੱਤ ਨੂੰ ਕਰ ਗੁੰਮਰਾਹ ਜਾਂਦੇ ਨੇ।

ਉਨ੍ਹਾਂ ਜੇਡ ਨਿਕਰਮਾ ਕਿਹੜਾ ਹੋਵੇਗਾ ਇਸ ਧਰਤੀ ਉੱਤੇ,
ਮਾਲ ਖ਼ਜ਼ਾਨੇ ਬਚਪਨ ਵਾਲੇ, ਜਿਹੜੇ ਲੋਕ ਭੁਲਾ ਜਾਂਦੇ ਨੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /98