ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



———71———

ਵਧ ਰਹੇ ਮਜ਼ਲੂਮ ਧੱਕੇ ਸਹਿਣ ਵਾਲੇ।
ਘਟ ਰਹੇ ਨੇ ਪਰਬਤਾਂ ਸੰਗ ਖਹਿਣ ਵਾਲੇ।

ਠਾਕ ਦੇਵੋ ਜੀਭ ਭਾਵੇਂ ਜ਼ਹਿਰ ਦੇਵੋ,
ਚੁੱਪ ਨਹੀਂ ਰਹਿੰਦੇ ਕਦੇ ਸੱਚ ਕਹਿਣ ਵਾਲੇ।

ਅਰਸ਼ ਦਾ ਹੀ ਅੰਗ ਨੇ ਤਾਰੇ ਇਹ ਸਾਰੇ,
ਤੇਰੇ ਹੱਥਾਂ ਤੋਂ ਨਹੀਂ ਇਹ ਲਹਿਣ ਵਾਲੇ।

ਚੰਨ, ਧਰੜੀ, ਸੁਪਨਿਆਂ ਦੀ ਰੀਸ ਨਾ ਕਰ,
ਇਹ ਨਹੀਂ ਟਿਕ ਕੇ ਕਦੇ ਵੀ ਬਹਿਣ ਵਾਲੇ।

ਸੀਸ ਤਲੀਆਂ ਤੇ ਟਿਕਾ ਜੋ ਤੁਰ ਰਹੇ ਨੇ,
ਇਹ ਨਹੀਂ ਸੌਖੇ ਕਿਸੇ ਤੋਂ ਢਹਿਣ ਵਾਲੇ।

ਛੱਪੜਾਂ ਦੇ ਪਾਣੀਆਂ! ਤੂੰ ਕੁਝ ਨਹੀਂ ਹੈਂ,
ਨੀਰ ਹੁੰਦੇ ਨੇ ਨਿਰੰਤਰ ਵਹਿਣ ਵਾਲੇ।

ਸ਼ਹਿਰ ਵਿਚ ਕਮਰਾ, ਕਿਰਾਇਆ, ਕੁਰਸੀਆਂ ਨੇ,
ਘਾਬਰੇ ਫਿਰਦੇ ਨੇ ਏਥੇ ਰਹਿਣ ਵਾਲੇ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /99