ਪੰਨਾ:ਤੱਤੀਆਂ ਬਰਫ਼ਾਂ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੧੬)

ਮੈਨੂੰ ਸ਼ਰਾਬ ਤੋਂ ਕਿਉਂ ਘਿਣਾ ਹੈ?


ਪੁਰਾਤਨ ਗ੍ਰੰਥਾਂ ਵਿਚ ਪੜ੍ਹ ਸੁਣ ਕੇ ਵੀ ਕਈ ਵਾਰ ਏਸ ਤੋਂ ਘ੍ਰਿਣਾ ਹੁੰਦੀ ਏ। ਪਰ ਮੇਰੇ ਮਨ ਤੇ
ਅਖਾਂ ਨਾਲ ਵੇਖੀਆਂ ਗਲਾਂ ਦਾ ਬਹੁਤਾ ਅਸਰ ਹੋਇਆ ਹੈ। ਜਿਹਾ ਕਿ ਬੜੇ ਬੜੇ ਚੰਗੇ ਸਿਆਣੇ ਆਪਣੇ
ਕਸਬ ਵਿਚ ਪੂਰੇ ਕਾਰੀਗਰ ਜਿਨ੍ਹਾਂ ਦੇ ਕਸਬ ਦੀਆਂ ਧੁੰਮਾਂ ਪਈਆਂ ਹੋਣ, ਲੋਕ ਉਸਤਾਦ ਮੰਨਦੇ ਹੋਣ ਤੇ
ਵਡੇ ਵਡੇ ਘਰਾਂ ਦੇ ਰਿਸ਼ਤੇ ਮਿਲਦੇ ਹੋਣ, ਵਡੀਆਂ ਦਾਤਾਂ ਲੈਕੇ ਹਾਜ਼ਰ ਹੋਣ, ਪਰੀਆਂ ਜਹੀਆਂ ਇਸਤ੍ਰੀਆਂ
ਘਰ ਹੋਣ, ਲਾਲਾਂ ਜਹੇ ਪੁਤ੍ਰ ਹੋਣ, ਵਡੇ ਪ੍ਰਵਾਰ ਹੋਣ, ਸਾਕਾਂ ਅੰਗਾਂ ਵਿਚ ਮਾਨ ਪ੍ਰਾਪਤ ਹੋਵੇ। ਗਲ ਕੀਹ
ਦੁਨੀਆਂ ਦੇ ਸਾਰੇ ਸੁਖਾਂ ਦੇ ਮਾਲਕ ਹੋਣ, ਸੁਰਗਾਂ ਸਮਾਨ ਘਰਾਂ ਵਿਚ ਰਹਿਣ ਵਾਲੇ ਕਿਸੇ ਕਰਮਾਂ ਦੇ ਗੇੜ
ਵਿਚ ਆ ਕੇ ਕਿਸੇ ਭੈੜੀ ਸੰਗਤ ਵਿਚ ਫਸਕੇ ਏਸ ਸ਼ਰਾਬ ਪਾਪਨ ਦੇ ਚਸਕੇ ਵਿਚ ਪੈ ਜਾਣ। ਦੇਖਦਿਆਂ ਦੇਖਦਿਆਂ
ਇਕ ਛਟਾਂਕੀ ਪੀਣ ਵਾਲੇ ਬੋਤਲਾਂ ਦੇ ਪਿਆਕ ਬਣ ਗਏ। ਚਾਰ ਯਾਰੀਆਂ ਦੀਆਂ ਘੁਮਨ ਘੇਰੀਆਂ ਵਿਚ ਪੈ ਗਏ।
ਦਾਦੇ ਪੜਦਾਦੇ ਦੀ ਕਮਾਈ ਬਰਬਾਦ ਕਰ ਬੈਠੇ। ਉਸਤਾਦ ਅਖਵਾਣ ਵਾਲੇ ਉਲੂ ਦੇ ਚਰਖੇ ਬਣਾਕੇ
ਲੋਕਾਂ ਨੇ ਅਜਿਹੇ ਭਵਾਏ ਜੋ ਦਰ ਦਰ ਦੇ ਧਕੇ ਤੇ ਮੇਹਣੇ ਝਲਣ ਵਾਲੇ ਬਣ ਗਏ। ਲਾਲਾਂ ਜਿਹਾ ਪਰਵਾਰ
ਕੌਡੀਆਂ ਦੇ ਭਾ ਵਿਕਣ ਲਗਾ। ਇਸਤ੍ਰੀ ਰਾਣੀ ਤੋਂ ਗੋਲੀ ਬਣ ਗਈ। ਦੇਸ ਵਾਸਤੇ, ਕੌਮ ਵਾਸਤੇ, ਸਮਾਜ ਵਾਸਤੇ
ਦੁਖਾਂ ਦਾ ਕਾਰਨ ਬਣ ਗਏ। ਅਣਖ ਤੇ ਸ਼ਾਨ ਗਈ। ਨਿਰੇ ਦੁਖੀ ਆਪ ਨਹੀਂ ਹੋਏ ਸਗੋਂ ਸਾਕ ਅੰਗ ਗਲੀ
ਗਵਾਂਢ ਸਭਨਾਂ ਨੂੰ ਪਰੇਸ਼ਾਨ ਕਰਕੇ ਦੁਖੀ ਕਰਦੇ ਹਨ। ਕੋਈ ਕੋਲ ਨਹੀਂ ਖਲੋਂਦਾ। ਜਿਧਰ ਜਾਣ ਧਕੇ ਫਿਟਕਾਰਾਂ
ਪੈਂਦੀਆਂ ਹਨ। ਮੈਨੂੰ ਏਸ ਤੋਂ ਘ੍ਰਿਣਾ ਹੋਈ ਹੈ ਤੇ ਨਾਲੇ ਸੋਚਦਾ ਹਾਂ ਕਿ ਐਡੀ ਬਦਬੂਦਾਰ ਕੌੜੀ ਤੇ ਅਕਲ
ਮਾਰ ਦੇਣ ਵਾਲੀ ਚੀਜ਼ ਤੇ ਪੈਸੇ ਖਰਚ ਕੇ ਅਕਲ ਨਾਲ ਦੁਸ਼ਮਨੀ ਕਰਨ ਦੀ ਕੀਹ ਲੋੜ ਹੈ। ਵਾਹਿਗੁਰੂ
ਏਸ ਡੈਣ ਤੋਂ ਬਚਾਈ ਰਖੇ।