ਪੰਨਾ:ਤੱਤੀਆਂ ਬਰਫ਼ਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)



ਲੋਭ

ਲੋਭ ਆਖਦਾ ਕਰਾਂਗਾ ਓਹ ਸੇਵਾ,
ਉਚਾ ਨਾਮਨਾ ਖਟ ਵਖਾ ਦਿਆਂਗਾ।
ਲਾਜ ਸ਼ਰਮ ਨਾ ਕਿਸੇ ਦੀ ਰਹਿਣ ਦੇਣੀ,
ਐਸਾ ਪੁਰਸ਼ ਨੂੰ ਢੀਠ ਬਨਾ ਦਿਆਂਗਾ।
ਮਾਂ ਭੈਣ ਭਰਾ ਤੇ ਦੋਸਤਾਂ ਤੋਂ,
ਲੁਟ ਲੈਣ ਦੀ ਜਾਚ ਸਿਖਾ ਦਿਆਂਗਾ।
ਅਖੇ ਬਾਪ ਦੇ ਵੀ ਆਵੇ ਬਾਜ਼ ਨਾਹੀਂ,
ਐਸੀ ਲਾਲਚੀ ਸ਼ਕਲ ਬਨਾ ਦਿਆਂਗਾ।
ਕੋਈ ਕਿਸੇ ਨੂੰ ਕਿਵੇਂ ਸਮਝਾ ਸਕੇ,
ਸਭਨਾਂ ਆਪਣੋ ਆਪਣੀ ਪਾ ਦਿਆਂਗਾ।
ਜੇ ਕੋਈ ਜ਼ਰਾ ਵੀ ਅਨਖ ਦੀ ਗਲ ਕਰਸੀ,
ਮਿੰਬਰ ਓਸਨੂੰ ਕਿਤੇ ਬਣਾ ਦਿਆਂਗਾ।
ਝਖੜ ਜਦੋਂ ਮੈਂ ਆਪਣਾ ਛਡ ਦਿਤਾ,
ਚਾਰ ਚਿਸ਼ਮ ਬਦੀਦ ਕਰਾ ਦਿਆਂਗਾ।
ਚੋਰੀ, ਕਪਟ, ਤੇ ਹੋਰ ਪਾਖੰਡ ਸਾਰੇ,
ਭੇਖੀ ਸਾਧੂਆਂ ਤਾਈਂ ਸਖਾ ਦਿਆਂਗਾ।
ਮਛੀ ਵਾਂਗਰਾਂ ਫਸਨਗੇ ਜੀਭ ਪਿਛੇ,
ਚਸਕਾ ਜਿਹਾ ਜੁਬਾਨ ਨੂੰ ਲਾ ਦਿਆਂਗਾ।
ਜੂਠ, ਝੂਠ, ਦੀ ਨਹੀਂ ਪ੍ਰਵਾਹ ਰੈਹਸੀ,
ਐਸੀ ਆਪਣੀ ਕਲਾ ਭਵਾ ਦਿਆਂਗਾ।
ਭਾਵੇਂ ਨੀਚ ਤੋਂ ਵੀ ਹੋਵੇ ਨੀਚ ਕੋਈ,
ਪੈਰੀ ਓਸਦੀ ਸੁਗੜ ਪਵਾ ਦਿਆਂਗਾ।
'ਕਿਰਤੀ' ਪਾਕੇ ਨਕ ਨੂੰ ਨਥ ਐਸੀ,
ਵਾਂਗਰ ਬਾਂਦਰਾਂ ਖੂਬ ਨਚਾ ਦਿਆਂਗਾ।