ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/150

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਹਿਣ ਲਗ ਪਏ। ਉਨ੍ਹਾਂ ਦਾ ਸਾਰਾ ਸਮਾਂ ਹਾਸੀ ਖ਼ੁਸ਼ੀ ਵਿਚ ਲੰਘਦਾ ਸੀ, ਤੇ ਜੇਹੜਾ ਮੁਸਾਫ਼ਰ ਉਸ ਪਾਸੇ ਆ ਲੰਘਦਾ ਉਹ ਤਨੋਂ ਮਨੋਂ ਉਸ ਦੀ ਖਾਤਰ ਕਰਦੇ ਤੇ ਉਸ ਨੂੰ ਰਤੀ ਵੀ ਤਕਲੀਫ਼ ਨਾ ਹੋਣ ਦੇਂਦੇ। ਇਹ ਗਲ ਦਸਣੀ ਮੈਨੂੰ ਭੁੱਲ ਨਾ ਜਾਏ, ਉਸ ਦੁੱਧ ਦੀ ਸੁਰਾਹੀ ਵਿਚ ਇਹ ਗੁਣ ਰਿਹਾ ਜੋ ਉਹ ਕਦੇ ਵੀ ਖਾਲੀ ਨਹੀ ਹੁੰਦੀ ਸੀ। ਜਦ ਕਦੇ ਕੋਈ ਭਲਾ ਸ਼ਰੀਫ਼ ਤੇ ਨੇਕਨੀਤ ਪੁਰਸ਼ ਉਸ ਸੁਰਾਹੀ ਵਿਚੋਂ ਦੁੱਧ ਪੀਂਂਦਾ ਤਾਂ ਉਸ ਨੂੰ ਤਾਂ ਇਹੋ ਹੀ ਭਾਸਦਾ ਜੋ ਉਸ ਨੇ ਅਗੇ ਇਹੋ ਜਿਹਾ ਸਵਾਦਲਾ ਤੇ ਤਾਕਤ ਦੇਣ ਵਾਲਾ ਦੁੱਧ ਕਦੇ ਨਹੀਂ ਪੀਤਾ ਪਰ ਜੇ ਕਦੇ ਕੋਈ ਲਾਲਚੀ ਤੇ ਖੋਟਾ ਆਦਮੀ ਪੀਂਦਾ ਤਾਂ ਉਹ ਜ਼ਰੂਰ ਚੀਕ ਉਠਦਾ ਜੋ ਦੁੱਧ ਵੱਡਾ ਕੌੜਾ ਤੇ ਖਰਾਬ ਹੈ।

ਇਹ ਸੁਭਾਗ ਜੋੜੀ ਬੜੀ ਆਯੂ ਤੋੜੀ ਆਪਣੇ ਸੰਗਮਰਮਰ ਦੇ ਮਹੱਲ ਵਿਚ ਰਹੀ, ਅਖੀਰ ਉਹ ਬਹੁਤ ਹੀ ਬ੍ਰਿਧ ਹੋ ਗਏ। ਇਕ ਰੋਜ਼ ਉਨ੍ਹਾਂ ਦੀਆਂ ਉਹ ਸੂਰਤਾਂ ਜਿਹੜੀਆਂ ਸਦਾ ਰਾਤ ਦੇ ਥਕੇ ਮਾਂਦੇ ਮੁਸਾਫ਼ਰਾਂ ਨੂੰ ਹਸੂ ਹਸੂ ਕਰਦਿਆਂ ਸਵੇਰ ਸਾਰ ਹੀ "ਜੀ ਆਇਉਂ" ਆਖਿਆ ਕਰਦੀਆਂ ਸਨ, ਕਿਧਰੇ ਨਾ ਵਿਖਾਈ ਦਿਤੀਆਂ। ਉਸ ਰੋਜ਼ ਮੁਸਾਫਰਾਂ ਨੇ ਇਧਰ ਉਧਰ ਮਕਾਨ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੋੜੀ ਹਰ ਥਾਂ ਭਾਲ ਕੀਤੀ, ਪਰ ਉਹ ਨਾ ਲਭੇ। ਬਹੁਤ ਘਬਰਾਹਟ ਮਗਰੋਂ ਦਰਵਾਜ਼ੇ ਦੇ ਸਾਹਮਣੇ ਉਨ੍ਹਾਂ ਨੇ ਦੋ ਵੱਡੇ ਵੱਡੇ ਬ੍ਰਿਛ ਵੇਖੇ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਚੇਤੇ ਨਹੀਂ ਸੀ ਪੈਂਦਾ ਜੋ ਇਕ ਰੋਜ਼ ਪਹਿਲੇ ਉਹ ਉਥੇ ਹੈਸਨ। ਪਰ ਅਜ ਉਥੇ ਉਹ ਮੌਜੂਦ ਸਨ, ਉਨ੍ਹਾਂ ਦੀਆਂ ਜੜ੍ਹਾਂ ਧਰਤੀ ਵਿਚ ਬਹੁਤ ਡੂੰਘੀਆਂ ਗਈਆਂ ਹੋਈਆਂ ਸਨ ਤੇ ਕੋਮਲ ਟਾਹਣੀਆਂ ਤੇ ਨਿੱਕੇ ੨ ਪੱਤਰਾਂ ਦੀ ਛਾਂ ਸਾਰੇ ਮਹੱਲ ਦੇ ਸਾਹਮਣੇ ਹਿੱਸੇ ਤੇ ਪਸਰੀ ਹੋਈ ਸੀ। ਇਕ ਬੂਟਾ ਪਿਪਲ ਦਾ ਸੀ ਤੇ ਦੂਸਰਾ ਪਿਪਲੀ ਦਾ।

-੧੪੬-