ਪੰਨਾ:ਦਸ ਦੁਆਰ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈਰਾਨੀ ਦੀ ਗਲ ਇਹ ਹੈ ਜੋ ਉਨ੍ਹਾਂ ਦੀਆਂ ਟਾਹਣੀਆਂ ਆਪੋ ਵਿਚ ਰਲੀਆਂ ਮਿਲੀਆਂ ਹੋਈਆਂ ਸਨ ਤੇ ਇਹੋ ਜਹੀਆਂ ਅੜੀਆਂ ਹੋਈਆਂ ਸਨ, ਜਿਵੇਂ ਗਲਵਕੜੀ ਪਾ ਕੇ ਇਕ ਦੂਜੇ ਨੂੰ ਮਿਲ ਰਹੀਆਂ ਹਨ। ਮੁਸਾਫ਼ਰ ਉਨ੍ਹਾਂ ਬ੍ਰਿਛਾਂ ਦੇ ਤਲੇ ਖਲੋ ਕੇ ਹੈਰਾਨ ਹੋ ਰਹੇ ਸਨ, ਜੋ ਇਹ ਬ੍ਰਿਛ ਜਿਨ੍ਹਾਂ ਦੇ ਉਗਣ ਤੇ ਇਤਨਾ ਵੱਡਾ ਹੋਣ ਲਈ ਘਟ ਤੋਂ ਘਟ ਸੌ ਵਰ੍ਹੇ ਲੋੜੀਂਦੇ ਸਨ, ਕਿਵੇਂ ਇਕ ਰਾਤ ਵਿਚ ਹੀ ਉਗੇ, ਵਧੇ ਫਲੇ ਫੁਲੇ ਤੇ ਇਤਨੇ ਵੱਡੇ ਹੋ ਗਏ। ਠੰਡੀ ਹਵਾ ਦਾ ਬੁਲ੍ਹਾ ਆਇਆ ਤੇ ਬਿਰਛਾਂ ਦੀਆਂ ਮਿਲੀਆਂ ਜੁਲੀਆਂ ਟਾਹਣੀਆਂ ਝੂਮਣ ਲਗ ਪਈਆਂ। ਇਕ ਮਧਮ ਜਿਹੀ ਆਵਾਜ਼ ਸੁਣਾਈ ਦਿੱਤੀ ਜਿਵੇਂ ਦੋਵੇਂ ਬਿਰਛ ਹੌਲੇ ਹੌਲੇ ਗੱਲਾਂ ਕਰ ਰਹੇ ਹਨ।

ਪਿਪਲ ਨੇ ਆਖਿਆ, “ ਮੈਂ ਬੁੱਢਾ ਫੂਲਾ ਸਿੰਘ ਹਾਂ।” ਪਿਪਲੀ ਵਿਚੋਂ ਆਵਾਜ਼ ਆਈ, "ਤੇ ਮੈਂ ਬੁੱਢੀ ਬਿਸ਼ਨੀ ਹਾਂ।

ਪਰ ਹਵਾ ਤੇਜ਼ ਹੋਣ ਲਗ ਪਈ, ਇਸ ਲਈ ਦੋਵੇਂ ਬਿਰਛ ਇਕ ਸਾਥ ਹੀ ਬੋਲ ਉਠੇ, “ਫੂਲਾ ਸਿੰਘ ਬਿਸ਼ਨੀ, ਬਿਸ਼ਨੀ ਫੂਲਾ ਸਿੰਘ।" ਜਿਵੇਂ ਇਕ ਵਿਚ ਹੀ ਦੋਵੇਂ ਸਨ ਤੇ ਦੋਹਾਂ ਵਿਚ ਹੀ ਇਕ, ਜਾਂ ਦੂਜੇ ਅਰਥਾਂ ਵਿਚ ਉਹ ਇਕ ਜੋਤ ਤੇ ਦੋ ਮੂਰਤੀਆਂ ਸਨ ਤੇ ਦਿਲ ਦੀ ਡੂੰਘਾਈ ਵਿਚ ਪਏ ਗੱਲਾਂ ਕਰਦੇ ਸਨ।

ਹੁਣ ਤਾਂ ਸਾਫ਼ ਪਤਾ ਲਗ ਗਿਆ ਜੋ ਬੁੱਢੀ ਜੋੜੀ ਨੇ ਇਕ ਨਵਾਂ ਜਾਮਾ ਬਦਲ ਲਿਆ ਹੈ ਤੇ ਇਸੇ ਪਰਕਾਰ ਫੂਲਾ ਸਿੰਘ ਨੂੰ ਪਿਪਲ ਦੀ ਤੇ ਬਿਸ਼ਨੀ ਨੂੰ ਪਿਪਲੀ ਦੀ ਸ਼ਕਲ ਵਿਚ ਖੁਸ਼ੀ ਖੁਸ਼ੀ ਸੌ ਵਰ੍ਹਾ ਹੋਰ ਬਤੀਤ ਕਰਨਾ ਹੈ। ਉਨ੍ਹਾਂ ਦੀ ਛਾਂ ਵੀ ਡਾਢੀ ਸੰਘਣੀ ਤੇ ਥਕੇ ਟੁਟੇ ਮੁਸਾਫ਼ਰਾਂ ਨੂੰ ਆਰਾਮ ਦੇਣ ਵਾਲੀ ਸੀ। ਜਦ ਕਦੇ ਕੋਈ ਰਾਹ ਗੁਜ਼ਰੂ ਉਨ੍ਹਾਂ ਦੇ ਤਲੇ ਆ ਕੇ ਬੈਠਦਾ ਤਾਂ ਉਨ੍ਹਾਂ ਦੇ ਪੱਤਰਾਂ ਵਿਚੋਂ ਉਸ ਦੇ ਕੰਨ ਵਿਚ ਉਹ ਆਵਾਜ਼ ਪੈਂਦੀ,ਜਿਹੜੀ ਫੂਲਾ ਸਿੰਘ ਤੇ ਬਿਸ਼ਨੀ ਦੀ ਆਵਾਜ਼ ਨਾਲ ਸੋਲਾਂ ਆਨੇ ਮਿਲਦੀ ਜੁਲਦੀ

-੧੪੭-