ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/3

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੁਖ ਬੰਧ

ਇਸ ਪੁਸਤਕ ਵਿੱਚ, ਕਾਫ਼ੀ ਸਿਆਣੀ ਚੋਣ ਕਰ ਕੇ ਤਿੰਨ ਸੰਸਾਰ ਪ੍ਰਸਿਧ ਲੇਖਕਾਂ ਦੀਆਂ ਰਚਨਾਵਾਂ ਦੇ ੧੦ ਅਨੁਵਾਦ ਕੀਤੇ ਗਏ ਹਨ। ਪਹਿਲੀਆਂ ਚਾਰ ਕਹਾਣੀਆਂ, ਵਰਤਮਾਨ ਸਮੇਂ ਵਿਚ ਹਿੰਦੁਸਤਾਨ ਦੇ ਸਭ ਤੋਂ ਵੱਡੇ ਕਵੀ ਸ੍ਰੀ ਰਾਬਿੰਦਰਾ ਨਾਥ ਟੈਗੋਰ ਦੀਆਂ ਲਿਖਤਾਂ ਦਾ ਉਲਥਾ ਹਨ ਫੇਰ ਅੰਗਰੇਜ਼ੀ ਦੇ ਮਸ਼ਹੂਰ ਕਵੀ-ਨਾਟਕਕਾਰ ਸ਼ੈਕਸਪੀਅਰ ਦੇ ਤਿੰਨ ਨਾਟਕਾਂ ਨੂੰ ਮਨ ਵਿਚ ਰੱਖ ਕੇ ਉਨ੍ਹਾਂ ਦਾ ਕਹਾਣੀ-ਅੰਸ ਨਿਵੇਦਨ ਕੀਤਾ ਗਿਆ ਹੈ। ਅਖ਼ੀਰ ਵਿਚ ਅਮਰੀਕਾ ਦੇ ਪ੍ਰਸਿਧ ਕਹਾਣੀ ਲੇਖਕ ਨੈਥੇਨਲ ਹਾਥਾਰਨ ਦੀਆਂ ਤਿੰਨ ਅਤਿਯੰਤ ਸਵਾਦਲੀਆਂ ਕਹਾਣੀਆਂ ਨੂੰ ਪੰਜਾਬੀ ਬੋਲੀ ਵਿਚ ਅੰਕਿਤ ਕੀਤਾ ਗਿਆ ਹੈ।

ਪੰਜਾਬੀ ਬੋਲੀ ਵਿਚ ਹੁਣ ਕਵਿਤਾ ਵਾਂਗ ਨਿੱਕੀਆਂ ਕਹਾਣੀਆਂ ਵੀ ਕਾਫ਼ੀ ਰਫ਼ਤਾਰ ਨਾਲ ਲਿਖੀਆਂ ਜਾ ਰਹੀਆਂ ਹਨ। ਇਨ੍ਹਾਂ ਉਤੇ ਪ੍ਰਦੇਸੀ ਸਾਹਿਤ ਦਾ ਅਸਰ ਹੈ। ਕਿਉਂਕਿ ਪ੍ਰਦੇਸੀ ਸਾਹਿਤ ਦੇ ਉੱਨਤ ਹਿੱਸੇ ਦੇ ਅਸਰ ਨੂੰ ਕਬੂਲਿਆ ਜਾਂਦਾ ਹੈ, ਇਸ ਕਰਕੇ ਇਨ੍ਹਾਂ ਕਹਾਣੀਆਂ ਵਿਚ ਲਿਖਣ-ਢੰਗ ਅਤੇ ਕਹਾਣੀ ਦਾ ਆਰੰਭ, ਮਧ ਅਤੇ ਅੰਤ ਖ਼ਾਸ ਸਵਾਦਲੇ ਅਤੇ ਵਿਚਾਰ ਵਾਲੇ ਹੋ ਜਾਂਦੇ ਹਨ। ਜੇ ਕਸਰ ਰਹਿੰਦੀ ਹੈ ਤਾਂ ਇਹੋ ਕਿ ਉਨ੍ਹਾਂ ਵਿਚ ਕਿਸੇ ਦ੍ਰਿਸ਼ਟੀ ਕੋਣ ਤੋਂ ਵੀ ਉਹ ਮੌਲਿਕਤਾ ਨਹੀਂ ਹੁੰਦੀ ਜੋ ਸਮੁਚੇ ਸਾਹਿਤਕ ਸੰਸਾਰ ਵਿੱਚ ਇਕ ਤਰ੍ਹਾਂ ਦਾ ਵਾਧਾ ਕਰ ਸਕੇ। ਪ੍ਰਦੇਸੀ ਸਾਹਿਤ ਦੇ ਪਾਠਕਾਂ ਨੂੰ ਪੰਜਾਬੀ ਬੋਲੀ ਵਿਚ ਉਹ ਰਚਨਾਵਾਂ ਪੜ੍ਹ ਕੇ ਸਿਰਫ਼ ਇਸੇ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਪੰਜਾਬੀ ਵਿਚ ਵੀ ਉਸ ਤਰ੍ਹਾਂ ਲਿਖਿਆ ਜਾਣ ਲੱਗ ਪਿਆ ਹੈ।

ਇਸ ਸੰਚੀ ਦੇ ਲੇਖਕ ਪੰਜਾਬੀ ਦੁਨੀਆਂ ਦੇ ਪ੍ਰਸਿਧ ਪੁਰਾਣੇ ਮਿੱਤਰ ਹਨ। ਭਾਵੇਂ ਇਸ ਸੰਗ੍ਰਹਿ ਵਿੱਚ ਉਨ੍ਹਾਂ ਦੀ ਮੌਲਿਕ ਮਨੋ