ਪੰਨਾ:ਦਿਲ ਹੀ ਤਾਂ ਸੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਗ ਪਈਆਂ। ਉਹ ਡਿਗਣ ਹੀ ਵਾਲਾ ਸੀ ਜੇ ਉਸ ਨੂੰ ਉਸ ਦੀ 'ਮੇਂ ਮੇਂ' ਅਗੇ ਵਧ ਕੇ ਆਸਰਾ ਨਾ ਦੇਂਦੀ। ਉਹ ਹਾਫਜ਼ ਨੂੰ ਲੈ ਕੇ ਬਾਹਰ ਨੂੰ ਤੁਰ ਪਈ ਅਤੇ ਨਾਲੇ ਰੋਂਦੀ ਰੋਂਦੀ ਕਹਿਣ ਲੱਗੀ "ਹਾਫਜ਼ ਮੀਆਂ, ਤੂੰ ਮੈਨੂੰ ਪਿਉ ਵਾਂਗ ਪਾਲਿਆ ਸੀ। ਏਥੇ ਕਈਆਂ ਦੇ ਮਾਂ, ਪਿਉ, ਭਰਾ ਉਹਨਾਂ ਦੀ ਖੋਜ ਵਿਚ ਆਉਂਦੇ ਨੇ ਪਰ ਏਹਨਾਂ ਚੁਬਾਰਿਆਂ ਵਿਚ ਆ ਕੇ ਮੁਨਕਰ ਹੋ ਜਾਂਦੇ ਨੇ, ਆਪਣੀਆਂ ਪੇਟੋਂ ਜਾਈਆ ਤੋਂ। ਭਰਾ ਆਪਣੀਆਂ ਭੈਣਾਂ ਤੋਂ ਮੁਨਕਰ ਹੋ ਜਾਂਦੇ ਨੇ।" ਤੇ ਫੇਰ ਉਸ ਦਾ ਗਲਾ ਰੁਕ ਗਿਆ ਅਤੇ ਅਟਕ ਅਟਕ ਕੇ ਬੋਲੀ "ਤੇ........ਫੇਰ........ਹਾਫਜ਼ ਮੀਆਂ........ਉਹ ਪਿਉ......ਉਹ ਭਰਾ.........ਇਹਨਾਂ ਨਾਲ ਦਿਆਂ ਚੁਬਾਰਿਆਂ ਵਿਚ ਹੀ ਖੇਹ ਖਾ ਕੇ ਚਲੇ ਜਾਂਦੇ ਨੇ। ਕਿਤੇ ਤੁਸੀਂ ਵੀ ਮੇਰੇ ਕੋਲੋਂ ਨਫ਼ਰਤ ਤੇ ਨਹੀਂ ਕਰਦੇ?"

ਹਾਫਜ਼ ਕੋਈ ਉੱਤਰ ਨਾ ਦੇ ਸਕਿਆ। ਉਹ ਦੋਵੇਂ ਗਲੀ ਵਾਲੀ ਸੜਕ ਤੇ ਪੁਜ ਗਏ। ਕੰਨ ਪਾੜਵੇਂ ਹਾਰਨ ਵਾਲੀ ਕਾਰ ਆਈ, ਬਰੇਕਾਂ ਲੱਗੀਆਂ, ਹਾਫਜ਼ ਦੀ 'ਮੇਂ ਮੇਂ' ਚਲੀ ਗਈ। ਹਾਫਜ਼ ਚਲਾ ਗਿਆ। ਪਰ ਉਹ ਕਹਾਣੀ ਅਜੇ ਚਲਦੀ ਹੈ। ਰੋਜ਼ ਸ਼ਾਮ ਨੂੰ ਸੂਰਜ ਡੁਬਣ ਤੋਂ ਲੈ ਕੇ ਸੂਰਜ ਨਿਕਲਣ ਤਕ ਸਾਰੀ ਰਾਤ ਬਿਜਲੀ ਦੇ ਰੰਗ ਬਰੰਗੇ ਲਾਟੂਆਂ ਹੇਠ ਚਲਦੀ ਹੈ। ਉਹ ਚਲਦੀ ਹੈ ਕਿਉਂਕਿ ਹਸ਼ਮਤ ਦੇ ਚਾਕੂ ਨੂੰ ਆਦਰਾਂ ਅਜੇ ਖਾਣ ਨੂੰ ਮਿਲਦੀਆਂ ਹਨ। ਉਹ ਚਲਦੀ ਹੈ ਕਿਉਂਕਿ ਇਨਸਾਫ਼ ਦੇ ਹੱਥ ਕਾਰਾਂ ਦੇ ਪਹੀਆਂ ਨਾਲ ਬੱਝੇ ਹੋਏ ਹਨ। ਕਹਾਣੀਕਾਰ ਵਖੋ ਵਖਰੇ ਹਨ, ਪਾਤਰ ਵਖੋ ਵਖਰੇ, ਪਰ ਕਹਾਣੀ ਇਕੋ ਹੀ ਹੈ, ਸੱਭ ਦੀ ਇਕ ਕਹਾਣੀ।
- ੫੩ -