ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ੈਲਦਾਰਾ

ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ! ਵੇ ਅਸੀਂ ਨਈਂ ਕਨੌੜ ਝੱਲਣੀ!
ਜ਼ਰਾ ਹੋਸ਼ ਨਾਲ ਬੋਲੀ ਨੂੰ ਦੁਬਾਰਾ! ਵੇ ਅਸੀਂ ਨਈਂ ਕਨੌੜ ਝੱਲਣੀ!

ਹੋਇਆ ਕੀ, ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ
ਸਾਨੂੰ ਵੀ ਹੈ ਜਾਨੋਂ ਵਧ ਇੱਜ਼ਤ ਪਿਆਰੀ ਵੇ
ਅਸੀਂ ਫੂਕਣੈਂ ਕਿਸੇ ਦਾ ਸ਼ਾਹੂਕਾਰਾ:
ਵੇ ਅਸੀਂ ਨਈਂ ਕਨੌੜ ਝੱਲਣੀ!

ਗੱਲਾਂ ਗੱਲਾਂ ਵਿੱਚ ਤੂੰ ਜੋ ਪਾਉਨਾ ਏ ਬੁਝਾਰਤਾਂ
ਜਾਣ ਦੀ ਹਾਂ ਤੇਰੀਆਂ ਮੈਂ ਤੇਰੀਆਂ ਸ਼ਰਾਰਤਾਂ
ਕਾਫ਼ੀ ਹੁੰਦਾ ਹੈ ਸਿਆਣੇ ਨੂੰ ਇਸ਼ਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!

ਚੱਕਣਾ ਚਕਾਉਣਾ ਨਾ ਹੀ ਡੋਲ੍ਹਣਾ ਵਗਾੜਣਾ
ਅਸੀਂ ਨਹੀਂ ਮੱਥਾ ਕਿਸੇ ਔਂਤਰੇ ਦਾ ਸਾੜਣਾ
ਤੇਰਾ ਕਿਸੇ ਵੇਲੇ ਲੱਥਦਾ ਨਈ ਪਾਰਾ-
ਵੇ ਅਸੀਂ ਨਈਂ ਕਨੌੜ ਝੱਲਣੀ!

ਤੱਕੇ ਸਾਡੀ ਹਵਾ ਵੱਲੇ ਕੀਹਦੀ ਏ ਮਜ਼ਾਲ ਵੇ
ਅਸੀਂ ਕੱਲੇ ਨਹੀਂ ਸਾਰੀ ਜੈਤੋ ਸਾਡੇ ਨਾਲ ਵੇ
ਐਵੇਂ ਹੋਰ ਨਾ ਕਰਾ ਲਈ ਕੋਈ ਕਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!

ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ
ਵੇ ਅਸੀਂ ਨਈਂ ਕਨੌੜ ਝੱਲਣੀ!

ਜ਼ਰਾ ਹੋਸ਼ ਨਾਲ ਬੋਲੀਂ ਤੂੰ ਦੁਬਾਰਾ!
ਵੇ ਅਸੀਂ ਨਈਂ ਕਨੌੜ ਝੱਲਣੀ!

105/ਦੀਪਕ ਜੈਤੋਈ