ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦਾਂ ਦੀ ਮਾਲਾ

ਯਾਦਾਂ ਦੀ ਮਾਲਾ ਵਿੱਚ ਹੌਕੇ ਜਾਵਾਂ ਰੋਜ਼ ਪਰੋਈ ਵੇ!
ਚੂਪ ਗਿਆ ਬੇ ਦਰਦ ਵਿਛੋੜਾ, ਜੋਬਨ ਦੀ ਖ਼ੁਸ਼ਬੋਈ ਵੇ!

ਦਿਲ ਦੀ ਅੱਗ ਰਲ੍ਹੀ ਸਾਹਾਂ ਵਿੱਚ, ਖਿੱਲਰੀ ਚਾਰ-ਚੁਫੇਰੇ
ਜਾਪੇ ਜਿੱਦਾਂ ਕਿਸੇ ਕਲੀ ਨੂੰ ਲਾਟਾਂ ਪਾ ਲਏ ਘੇਰੇ
ਸੇਕੋ-ਸੇਕ ਚਾਨਣੀ ਹੋਈ-ਚੰਨ ਨੂੰ ਲਾਂਬੂ ਲੱਗਾ-ਹੋ-
ਜਦੋਂ ਮੈਂ ਚਾਨਣਾਂ ਰਾਤਾਂ ਦੇ-ਗਲ ਲੱਗ ਕੇ ਰੋਈ ਵੇ!

ਏਦਾਂ ਰੂਪ ਉਦਾਸ ਹੋ ਗਿਆ, ਗਈਆਂ ਵਿਗੜ ਨੁਹਾਰਾਂ!
ਉੱਜੜ ਜਾਵੇ ਬਾਗ਼ ਜਿਸ ਤਰ੍ਹਾਂ, ਆਉਂਦੇ ਸਾਰ, ਬਹਾਰਾਂ
ਮਿਰਗਾਂ ਵਰਗੇ ਨੈਣ ਸ਼ਰਾਰਤੀ ਸਾਗਰ ਬਣ ਕੇ ਛਲ਼ਕੇ ਹੋ
ਹੰਝੂਆਂ ਦੇ ਵਿੱਚ ਮੇਰੀ ਨੀਂਦਰ, ਗੋਤੇ ਖਾ ਖਾ ਮੋਈ ਵੇ!

ਸੀਨੇ ਅੰਦਰ ਸੌਂ ਗਏ ਏਦਾਂ, ਜਜ਼ਬੇ ਭੁੱਖਣ-ਭਾਣੇਂ
ਜਿਉਂ-ਰੋਹੀ ਵਿੱਚ ਖਿੜੇ ਫੁੱਲ ਦੀ, ਮਹਿਕ ਨ ਕੋਈ ਮਾਣੇਂ
ਇਕ 'ਪੁੜ' ਪੀੜਾਂ-ਇਕ ਪੁੜ ਬਿਰਹਾ, ਗ਼ਮ ਦੀ ਚੱਲੇ ਚੱਕੀ ਹੋ-
ਆਸ ਜਮਾਈ, ਦੁਹਾਂ ਪੁੜਾਂ ਦੇ- ਸੰਨ ਵਿੱਚ ਆਕੇ ਮੋਈ ਵੇ

ਸੋਨੇ ਵੰਨਾਂ ਰੂਪ ਨਮਾਣਾ, ਕਿਸੇ ਅਰਥ ਨਾ ਆਇਆ ਵੇ
ਜਿੱਦਾਂ ਕੰਮ ਕਿਸੇ ਨਾ ਆਵੇ ਕੰਜੂਸਾਂ ਦੀ ਮਾਇਆ ਵੇ
ਦੀਪਕ ਵਾਂਗੂੰ ਤਿਲ ਤਿਲ ਸੜਣਾ ਲਿਖਿਆ ਸਾਡੇ-ਭਾਗੀਂ ਹੋ
ਅੱਛਾ! ਜਿੱਦਾਂ ਤੇਰੀ ਮਰਜ਼ੀ ਉਜ਼ਰ ਨਾ ਸਾਡਾ ਕੋਈ ਵੇ
ਚੂਪ ਗਿਆ ਬੇ ਦਰਦ ਵਿਛੋੜਾ ਜੋਬਨ ਦੀ ਖ਼ੁਸ਼ਬੋਈ ਵੇ

150/ਦੀਪਕ ਜੈਤੋਈ