ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਠੀ ਲੋਰ

ਖ਼ੁਸ਼ਬੋਆਂ ਆਉਣ ਹਵਾਵਾਂ ਚੋਂ ਪਿਆਰਾਂ ਦੀ ਮਿੱਠੀ ਲੋਰ ਦੀਆਂ
ਦਮਕਾਂ ਨਾ ਝੱਲੀਆਂ ਜਾਣ ਕਿਤੇ, ਇਸ ਜ਼ੋਬਨ ਨਵੇਂ ਨਕੋਰ ਦੀਆਂ

ਜਾਦੂ ਹਨ ਗੁਸਤਾਖ਼ ਇਸ਼ਾਰੇ-ਕਾਇਲ ਮਸਤ ਅਦਾਵਾਂ
ਨਜ਼ਰ ਤਿਰੀ ਹੈ ਜਾਮ ਛਲਕਦਾ-ਜੀਅ ਕਰਦੈ ਪੀ ਜਾਵਾਂ
ਇਹ ਅੰਗੜਾਈਆਂ ਕਨਸੋਆਂ ਨੇ, ਦਿਲ ਦੇ ਤੂਫਾਨੀ ਸ਼ੋਰ ਦੀਆਂ
ਇਸ ਜੋਬਨ ਨਵੇਂ ਨਕੋਰ ਦੀਆਂ.............

ਧਰਤੀ ਉੱਤੇ ਰੂਪ ਨਿਰੇ ਦੀਆਂ ਲੱਸਾਂ ਪੈਣ ਸੁਨਹਿਰੀ
ਗੁੱਤ ਨਹੀਂ ਇਹ ਚੰਨਣ ਰੁਖ ਤੇ ਨਾਗ ਪਲਮ ਦਾ ਜ਼ਹਿਰੀ
ਚੰਨ ਤੋਂ ਗੋਰੇ ਮੁਖ ਵੱਲ ਹਨ, ਨਜ਼ਰਾਂ ਇਸ਼ਕ-ਚਕੋਰ ਦੀਆਂ
ਇਸ ਜੋਬਨ ਨਵੇਂ ਨਕੋਰ ਦੀਆਂ.............

ਬੁੱਲ੍ਹੀਆਂ ਤੇ ਮੁਸਕਾਨ ਖੇਲਦੀ ਕੇਰੇ ਫੁੱਲ ਗੁਲਾਬੀ
ਚੁੰਨੀ ਹੋਠਾਂ ਰਹਿਣ ਨਾ ਕਾਬੂ-ਜਜ਼ਬੇ ਗੁੱਟ-ਸ਼ਰਾਬੀ
ਤੇਰੇ ਪਿੰਡ ਦੇ ਕੁੱਲ ਨਹੀਂ ਹਨ-ਸ਼ਾਨਾਂ ਸ਼ਹਿਰ ਭੰਬੋਰ ਦੀਆਂ
ਇਸ ਜੋਬਨ ਨਵੇਂ ਨਕੋਰ ਦੀਆਂ.............

ਪੈਰਾਂ ਹੇਠਾਂ ਨਾਚ ਕਰਦੀਆਂ ਜਾਪਣ ਸ਼ੋਖ ਬਹਾਰਾਂ
ਆਹਟ ਸੁਣ ਕੇ ਹਰ ਦਿਲ ਅੰਦਰ ਖਿੜ ਜਾਵਣ ਗੁਲਜ਼ਾਰਾਂ
ਹੰਸਾਂ ਵਿੱਚ ਗੱਲਾਂ ਛਿੜੀਆਂ ਹਨ ਤੇਰੀ ਬਾਂਕੀ ਟੋਰ ਦੀਆਂ
ਇਸ ਜੋਬਨ ਨਵੇਂ ਨਕੋਰ ਦੀਆਂ.............

151/ਦੀਪਕ ਜੈਤੋਈ